ਗੁਰਬਰਿੰਦਰ ਸਿੰਘ, ਸ੍ਰੀ ਗੋਇੰਦਵਾਲ ਸਾਹਿਬ

ਕਿਸਾਨ ਜਥੇਬੰਦੀ ਇੰਡੀਅਨ ਫਾਰਮਰ ਐਸੋਸੀਏਸ਼ਨ ਦੀ ਜ਼ਰੂਰੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਭਲਾਈਪੁਰ ਅਤੇ ਬਲਾਕ ਪ੍ਰਧਾਨ ਕੁਲਦੀਪ ਸਿੰਘ ਕੰਬੋਜ ਦੀ ਅਗਵਾਈ ਹੇਠ ਫ਼ਤਿਆਬਾਦ ਦੇ ਗੁਰਦੁਆਰਾ ਗੁਰੂ ਨਾਨਕ ਪੜਾਓ ਸਾਹਿਬ ਵਿਖੇ ਹੋਈ, ਜਿਸ ਵਿਚ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਫ਼ਸਲ 18 ਜੂਨ ਤੋਂ ਪੰਜ ਜ਼ੋਨਾਂ 'ਚ ਵੰਡ ਕੇ ਲਗਾਉਣ ਦੇ ਕੀਤੇ ਐਲਾਨ ਦੀ ਨਿਖੇਧੀ ਕਰਦਿਆਂ ਮੰਗ ਕੀਤੀ ਕਿ ਜ਼ੋਨ ਸਿਸਟਮ ਨੂੰ ਭੰਗ ਕਰ ਕੇ 10 ਜੂਨ ਤੋਂ ਝੋਨੇ ਦੀ ਲਵਾਈ ਦੀ ਇਜਾਜ਼ਤ ਦਿੱਤੀ ਜਾਵੇ ਤੇ 10 ਘੰਟੇ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇ।

ਇਸ ਮੌਕੇ ਕਿਸਾਨ ਆਗੂਆਂ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਂ 'ਤੇ ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਉਨਾਂ੍ਹ ਦੇ ਦਫ਼ਤਰ ਵਿਖੇ ਪਹੁੰਚ ਕੇ ਸੌਂਪਿਆ ਗਿਆ। ਜਿਸ ਵਿਚ ਮੰਗ ਕੀਤੀ ਗਈ ਕਿ ਹਰ ਸਾਲ ਵਾਂਗ 10 ਜੂਨ ਤੋਂ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਦੀ ਲਵਾਈ ਦੀ ਇਜਾਜ਼ਤ ਦਿੱਤੀ ਜਾਵੇ ਅਤੇ ਘੱਟੋ-ਘੱਟ 10 ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇ।

ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਜੇਕਰ ਸਰਕਾਰੀ ਹੁਕਮਾਂ ਅਨੁਸਾਰ ਝੋਨੇ ਦੀ ਬਿਜਾਈ ਕੀਤੀ ਜਾਂਦੀ ਹੈ ਤਾਂ ਇਹ ਫ਼ਸਲ 15 ਅਕਤੂਬਰ ਤੋਂ 15 ਨਵੰਬਰ ਤਕ ਮੰਡੀਆਂ ਵਿਚ ਜਾਵੇਗੀ, ਜਿਸ ਕਾਰਨ ਆਲੂ ਤੇ ਮਟਰਾਂ ਦੀ ਬਿਜਾਈ ਪੱਛੜ ਜਾਵੇਗੀ ਤੇ ਕਣਕ ਦੀ ਬਿਜਾਈ ਵੀ ਲੇਟ ਹੋਵੇਗੀ, ਜਿਸ ਕਾਰਨ ਕਣਕ ਦਾ ਝਾੜ ਵੀ ਘੱਟ ਹੋਵੇਗਾ।

ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਫ਼ਸਲੀ ਵਿਭਿੰਨਤਾ ਲਾਗੂ ਕਰਕੇ ਧਰਤੀ ਹੇਠਲਾਂ ਪਾਣੀ ਬਚਾਉਣ ਲਈ ਪੰਜਾਬ 'ਚ ਬੀਜੀਆਂ ਜਾਂਦੀਆਂ ਸਾਰੀਆਂ ਫ਼ਸਲਾਂ ਜਿਵੇਂ ਮੱਕੀ, ਬਾਜਰਾ, ਤੇਲ ਬੀਜ, ਦਾਲਾਂ, ਬਾਸਮਤੀ ਤੇ ਸਬਜ਼ੀਆਂ ਆਦਿ ਦੀ ਖ਼ਰੀਦ ਲਈ ਸਰਕਾਰ ਘੱਟੋ-ਘੱਟ ਸਮਰਥਨ ਮੁੱਲ ਦਾ ਗਾਰੰਟੀ ਕਾਨੂੰਨ ਬਣਾਵੇ।

ਇਕੱਲੀ ਮੂੰਗੀ 'ਤੇ ਸਮਰਥਨ ਮੁੱਲ ਦੇਣ ਨਾਲ ਮਸਲਾ ਹੱਲ ਨਹੀਂ ਹੋਵੇਗਾ, ਝੋਨੇ ਦੀ ਸਿੱਧੀ ਬਿਜਾਈ ਲਈ 10 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ। ਇਸ ਮੌਕੇ ਪ੍ਰਧਾਨ ਰਤਨ ਸਿੰਘ ਦਿਓਲ, ਸਾਬਕਾ ਸਰਪੰਚ ਭੁਪਿੰਦਰ ਸਿੰਘ ਭਿੰਦਾ, ਜਗਤਾਰ ਸਿੰਘ ਜਾਗੀ, ਚਰਨਜੀਤ ਸਿੰਘ ਦਿਓਲ, ਅਸ਼ੋਕ ਮਹਾਸ਼ਾ, ਜੰਗਲੀ ਮਹਾਸ਼ਾ, ਨੰਬਰਦਾਰ ਬਲਦੇਵ ਸਿੰਘ, ਬਲਦੇਵ ਸਿੰਘ ਸ਼ੈਲਰ ਵਾਲੇ, ਨੰਬਰਦਾਰ ਸੰਤੋਖ ਸਿੰਘ, ਮਾਸਟਰ ਨਰਿੰਦਰ ਸਿੰਘ, ਮਾਸਟਰ ਮੱਖਣ ਸਿੰਘ, ਕਸ਼ਮੀਰ ਸਿੰਘ ਕੰਬੋਜ, ਗੁਰਭੇਜ ਸਿੰਘ ਭੇਜੀ, ਸੁਖਪਾਲ ਸਿੰਘ ਕਾਨੂੰਗੋ, ਬਿੱਟੂ ਦਿਓਲ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।