ਜਸਪਾਲ ਸਿੰਘ ਜੱਸੀ, ਤਰਨਤਾਰਨ : ਖਡੂਰ ਸਾਹਿਬ ਹਲਕੇ ਤੋਂ ਲੋਕ ਸਭਾ ਮੈਂਬਰ ਜਸਬੀਰ ਸਿੰਘ ਡਿੰਪਾ ਨੇ ਬੁੱਧਵਾਰ ਸਿਵਲ ਹਸਪਤਾਲ ਤਰਨਤਾਰਨ ਨੂੰ ਨਿੱਜੀ ਤੌਰ 'ਤੇ ਵੈਂਟੀਲੇਟਰ ਭੇਟ ਕੀਤਾ ਹੈ। ਜਦੋਂਕਿ ਇਕ ਹੋਰ ਵੈਂਟੀਲੇਟਰ ਬਾਬਾ ਬਕਾਲਾ ਸਾਹਿਬ ਦੇ ਸਰਕਾਰੀ ਹਸਪਤਾਲ ਨੂੰ ਵੀ ਭੇਟ ਕੀਤਾ। ਸਿਵਲ ਸਰਜਨ ਦਫ਼ਤਰ ਤਰਨਤਾਰਨ ਪਹੁੰਚੇ ਡਿੰਪਾ ਨੇ ਹੋਰ ਲੋੜੀਂਦਾ ਸਮਾਨ ਵੀ ਹਸਪਤਾਲ ਨੂੰ ਦੇਣ ਦੀ ਗੱਲ ਕਹੀ। ਇਸ ਮੌਕੇ 'ਤੇ ਤਰਨਤਾਰਨ ਦੇ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ, ਖੇਮਕਰਨ ਦੇ ਵਿਧਾਇਕ ਸੁਖਪਾਲ ਸਿੰਘ ਭੁੱਲਰ ਤੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਵਾਲ ਵੀ ਮੌਜੂਦ ਸਨ।


ਜਸਬੀਰ ਸਿੰਘ ਡਿੰਪਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਤਰਨਤਾਰਨ 'ਚ ਜ਼ਿਲ੍ਹਾ ਪੱਧਰੀ ਹਸਪਤਾਲ ਹੋਣ ਦੇ ਬਾਵਜੂਦ ਵੈਂਟੀਲੇਟਰ ਦੀ ਸਹੂਲਤ ਨਹੀਂ ਸੀ, ਜਿਸ ਨੂੰ ਭਾਂਪਦਿਆਂ ਉਨ੍ਹਾਂ ਨੇ ਆਪਣੇ ਵੱਲੋਂ ਇਹ ਭੇਟਾ ਹਸਪਤਾਲ ਨੂੰ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਮਾਤਮਾਂ ਦੀ ਮੇਹਰ ਨਾਲ ਤਰਨਤਾਰਨ ਜ਼ਿਲ੍ਹਾ ਗਰੀਨ ਜੋਨ ਵਿਚ ਹੈ ਤੇ ਇਸ ਨੂੰ ਇਸੇ ਤਰ੍ਹਾਂ ਹੀ ਰੱਖਣਾ ਹੈ। ਇਸ ਲਈ ਸਾਨੂੰ ਲਾਕਡਾਊਨ ਤੇ ਕਰਫਿਊ ਦੀ ਪਾਲਣਾ ਕਰਨਾ ਯਕੀਨੀ ਬਣਾਉਣਾ ਚਾਹੀਦਾ ਹੈ। ਡਿੰਪਾ ਨੇ ਕਿਹਾ ਕਿ ਪਹਿਲੀ ਵਾਰ ਹੋਇਆ ਹੈ ਕਿ ਭੱਜ ਦੌੜ ਦੀ ਜ਼ਿੰਦਗੀ 'ਚ ਕਿਸੇ ਨੂੰ ਆਪਣੇ ਘਰਾਂ ਵਿਚ ਏਨਾ ਸਮਾਂ ਬਿਤਾਉਣ ਦਾ ਮੌਕਾ ਮਿਲਿਆ ਹੋਇਆ ਹੋਵੇ। ਇਸ ਦੌਰਾਨ ਜੇਕਰ ਕਿਸੇ ਦੇ ਘਰ ਵਿਚ ਪਰਿਵਾਰਕ ਮੈਂਬਰਾਂ ਨਾਲ ਮੱਤਭੇਦ ਹਨ ਤਾਂ ਉਸ ਨੂੰ ਖ਼ਤਮ ਕਰਕੇ ਇਸ ਸਮੇਂ ਦਾ ਸਦਉਪਯੋਗ ਵੀ ਹੋ ਸਕਦਾ ਹੈ। ਦੂਸਰਾ ਕੋਰੋਨਾ ਵਾਇਰਸ ਦੇ ਚੱਲਦਿਆਂ ਬਣੀ ਸਥਿਤੀ ਨਾਲ ਨਿਪਟਣ ਤੇ ਇਸ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸਿਹਤ ਵਿਭਾਗ ਵੱਲੋਂ ਦੱਸੀਆਂ ਸਾਵਧਾਨੀਆਂ ਨੂੰ ਅਪਨਾਉਣ ਦੀ ਵੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਇਸ ਹਸਪਤਾਲ ਲਈ ਹੋਰ ਬਿਹਤਰ ਕਰਨ ਵਾਸਤੇ ਉਹ ਯਤਨਸ਼ੀਲ ਰਹਿਣਗੇ। ਇਸ ਦੌਰਾਨ ਹਸਪਤਾਲ ਨੂੰ ਐਂਬੂਲੈਂਸ ਦੀ ਲੋੜ ਪੂਰਾ ਕਰਨ ਬਾਰੇ ਵੀ ਉਨ੍ਹਾਂ ਨੇ ਸੰਕੇਤ ਦਿੱਤੇ। ਇਸੇ ਦੌਰਾਨ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਨੇ ਕਿਹਾ ਕਿ ਵੈਂਟੀਲੇਟਰ ਨੂੰ ਆਪ੍ਰੇਟ ਕਰਨ ਅਤੇ ਸਟਾਫ ਨੂੰ ਜਾਣਕਾਰੀ ਦੇਣ ਦੇ ਲਈ ਮਹਿਰਾਂ ਦੀ ਮਦਦ ਲਈ ਜਾਵੇਗੀ। ਉਨ੍ਹਾਂ ਨੇ ਇਸ ਸਬੰਧੀ ਸਿਵਲ ਸਰਜਨ ਨੂੰ ਬਕਾਇਦਾ ਨਿਰਦੇਸ਼ ਵੀ ਦਿੱਤੇ। ਇਸ ਮੌਕੇ 'ਤੇ ਸੀਐੱਮਓ ਡਾ. ਅਨੂਪ ਕੁਮਾਰ, ਸਿਵਲ ਹਸਪਤਾਲ ਤਰਨਤਾਰਨ ਦੇ ਐੱਸਐੱਮਓ ਡਾ. ਇੰਦਰ ਮੋਹਨ ਗੁਪਤਾ, ਡਾ. ਸਵਰਨਜੀਤ ਧਵਨ, ਕਾਂਗਰਸੀ ਆਗੂ ਡਾ. ਸੰਦੀਪ ਅਗਨੀਹੋਤਰੀ, ਸੋਨੂੰ ਦੋਦੇ, ਮਨੋਜ ਅਗਨੀਹੋਤਰੀ ਅਤੇ ਹੋਰ।


ਪੰਜਾਬ ਗੁਰੂਆਂ ਦੀ ਧਰਤੀ, ਨਹੀਂ ਸੌਂਦਾ ਕੋਈ ਵੀ ਭੁੱਖਾ

ਐੱਮਪੀ ਜਸਬੀਰ ਸਿੰਘ ਡਿੰਪਾ ਨੇ ਕਿਹਾ ਕਿ ਪੰਜਾਬ ਗੁਰੂਆਂ, ਪੀਰਾਂ ਦੀ ਧਰਤੀ ਹੈ ਤੇ ਇਥੇ ਗੁਰੂ ਕੇ ਲੰਗਰ ਦੀ ਮਹਾਨ ਪ੍ਰਥਾ ਵੀ ਚੱਲਦੀ ਹੈ। ਜਿਥੇ ਪੰਜਾਬ ਸਰਕਾਰ ਆਪਣੇ ਤੌਰ 'ਤੇ ਰਾਸ਼ਨ ਦੀਆਂ ਕਿੱਟਾਂ ਲੋੜਵੰਦਾਂ ਦੇ ਘਰਾਂ ਤਕ ਪਹੁੰਚਾਉਣ ਵਿਚ ਜੁਟੀ ਹੈ। ਉਥੇ ਹੀ ਗੁਰੂ ਘਰ ਤੇ ਸਮਾਜ ਸੇਵੀ ਸੰਸਥਾਵਾਂ ਨੇ ਵੀ ਲੰਗਰ ਪਕਾ ਕੇ ਲੋਕਾਂ ਦੀ ਸੇਵਾ ਵਿਚ ਅਹਿਮ ਯੋਗਦਾਨ ਪਾਇਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਗੱਲ ਦੀ ਸੰਤੁਸ਼ਟੀ ਹੈ ਕਿ ਇਸ ਪਵਿੱਤਰ ਧਰਤੀ 'ਤੇ ਕੋਈ ਵਿਅਕਤੀ ਭੁੱਖੇ ਢਿੱਡ ਨਹੀਂ ਸੌਂਦਾ।

Posted By: Sarabjeet Kaur