ਪੱਤਰ ਪ੍ਰੇਰਕ, ਤਰਨਤਾਰਨ : ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਜਸਬੀਰ ਸਿੰਘ ਡਿੰਪਾ ਦੇ ਹੱਕ ਵਿਚ 28 ਅਪ੍ਰੈਲ ਨੂੰ ਤਰਨਤਾਰਨ ਦੀ ਇਕ ਚਰਚ ਵਿਚ ਚੋਣ ਮੀਟਿੰਗ ਕਰਨ ਦੇ ਮਾਮਲੇ 'ਚ ਡਿੰਪਾ, ਉਸ ਦੇ ਲੜਕੇ ਤੇ ਜ਼ਿਲ੍ਹਾ ਪ੍ਰਧਾਨ ਕਾਂਗਰਸ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਚੋਣ ਮਹਿਕਮੇ ਨੇ ਇਹ ਕਾਰਵਾਈ ਛੇ ਦਿਨਾਂ ਬਾਅਦ ਕੀਤੀ ਹੈ।

ਜਾਣਕਾਰੀ ਮੁਤਾਬਿਕ 28 ਅਪ੍ਰੈਲ ਨੂੰ ਕਾਂਗਰਸ ਦੇ ਉਮੀਦਵਾਰ ਜਸਬੀਰ ਸਿੰਘ ਡਿੰਪਾ ਦੇ ਲੜਕੇ ਵੱਲੋਂ ਤਰਨਤਾਰਨ ਦੀ ਇਕ ਚਰਚ ਵਿਚ ਚੋਣ ਮੀਟਿੰਗ ਕੀਤੀ ਗਈ ਸੀ। ਇਹ ਮਾਮਲਾ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਐੱਸ ਕਰੁਣਾ ਰਾਜੂ ਦੇ ਕੋਲ ਪਹੁੰਚ ਗਿਆ ਜਿਸ ਦੀ ਉਨ੍ਹਾਂ ਜ਼ਿਲ੍ਹਾ ਚੋਣ ਅਧਿਕਾਰੀ ਤੋਂ ਰਿਪੋਰਟ ਮੰਗ ਲਈ। ਜ਼ਿਲ੍ਹਾ ਪ੍ਰਸ਼ਾਸਨ ਨੇ 6 ਦਿਨ ਬਾਅਦ ਚਰਚ ਵਿਚ ਚੋਣ ਮੀਟਿੰਗ ਕਰ ਕੇ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦੇ ਮਾਮਲੇ ਵਿਚ ਜਸਬੀਰ ਸਿੰਘ ਡਿੰਪਾ, ਉਨ੍ਹਾਂ ਦੇ ਲੜਕੇ ਉਪਦੇਸ਼ ਗਿੱਲ ਅਤੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਘਸੀਟਪੁਰਾ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ। ਜ਼ਿਲ੍ਹਾ ਸਹਾਇਕ ਰਿਟਰਨਿੰਗ ਅਫਸਰ ਸੰਦੀਪ ਰਿਸ਼ੀ ਦਾ ਕਹਿਣਾ ਹੈ ਕਿ ਕਾਰਨ ਦੱਸੋ ਨੋਟਿਸ ਦਾ 48 ਘੰਟੇ ਵਿਚ ਜਵਾਬ ਮੰਗਿਆ ਗਿਆ ਹੈ।

ਧਾਰਮਿਕ ਸਥਾਨਾਂ ਨੂੰ ਸਟੇਜ ਦੇ ਤੌਰ 'ਤੇ ਨਾ ਵਰਤਣ ਉਮੀਦਵਾਰ : ਸੱਭਰਵਾਲ

ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਨੇ ਉਮੀਦਵਾਰ ਅਤੇ ਉਨ੍ਹਾਂ ਦੇ ਹਮਾਇਤੀ ਚੋਣ ਜ਼ਾਬਤੇ ਨੂੰ ਧਿਆਨ ਵਿਚ ਰੱਖਦੇ ਹੋਏ ਚੋਣ ਕਮਿਸ਼ਨ ਦੀ ਆਗਿਆ ਦੀ ਪਾਲਣਾ ਕਰਨ। ਇਸ ਦੇ ਨਾਲ ਹੀ ਧਿਆਨ ਰੱਖਿਆ ਜਾਵੇ ਕਿ ਕੋਈ ਵੀ ਉਮੀਦਵਾਰ ਰਾਜਨੀਤਕ ਪੱਖੋਂ ਧਾਰਮਿਕ ਸਥਾਨਾਂ ਨੂੰ ਸਟੇਜ ਦੇ ਤੌਰ 'ਤੇ ਨਾ ਵਰਤੇ ਤਾਂ ਜੋ ਸਮਾਜ ਵਿਚ ਨਫ਼ਰਤ ਅਤੇ ਤਨਾਣ ਪੈਦਾ ਨਾ ਹੋ ਸਕੇ। ਜਾਂਚ ਵਿਚ ਸਾਹਮਣੇ ਆਇਆ ਕਿ ਚਰਚ ਵਿਚ ਚੋਣ ਮੀਟਿੰਗ ਕੀਤੀ ਗਈ ਹੈ। ਇਸ ਸਬੰਧੀ ਪਾਰਟੀ ਤੋਂ ਕਾਰਨ ਦੱਸੋ ਨੋਟਿਸ ਮੰਗਿਆ ਗਿਆ ਹੈ।

Posted By: Amita Verma