ਜਸਪਾਲ ਸਿੰਘ ਜੱਸੀ, ਤਰਨਤਾਰਨ : ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਤਰਨਤਾਰਨ ਦੀ ਪੁਲਿਸ ਬਠਿੰਡਾ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆਈ ਹੈ। ਥਾਣਾ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਦਰਜ ਇਕ ਮੁਕੱਦਮੇਂ ਵਿਚ ਉਸ ਨੂੰ ਇਥੇ ਲਿਆਂਦਾ ਗਿਆ ਹੈ। ਸ਼ੁੱਕਰਵਾਰ ਨੂੰ ਉਸਦਾ ਮੈਡੀਕਲ ਕਰਵਾ ਕੇ ਅਦਾਲਤ ਵਿਚ ਪੇਸ਼ ਕੀਤਾ ਗਿਆ। ਸੂਤਰਾਂ ਦੀ ਮੰਨੀਏ ਤਾਂ ਗੈਂਗਸਟਰ ਜੱਗੂ ਭਗਵਾਨਪੁਰੀਆ ਕੋਲੋਂ ਪੁਲਿਸ ਸ਼ੌਰਿਆ ਚੱਕਰ ਵਿਜੇਤਾ ਕਾਮਰੇਡ ਬਲਵਿੰਦਰ ਸਿੰਘ ਦੀ ਹੱਤਿਆ ਸਬੰਧੀ ਪੁੱਛਗਿੱਛ ਕਰ ਸਕਦੀ ਹੈ।

ਦੱਸਣਾ ਬਣਦਾ ਹੈ ਕਿ ਵੀਰਵਾਰ ਰਾਤ ਨੂੰ ਤਰਨਤਾਰਨ ਜ਼ਿਲ੍ਹੇ ਦੀ ਪੁਲਿਸ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਪ੍ਰਾਟੈਕਸ਼ਨ ਵਾਰੰਟ 'ਤੇ ਥਾਣਾ ਸ੍ਰੀ ਗੋਇੰਦਵਾਲ ਸਾਹਿਬ 'ਚ ਦਰਜ ਇਕ ਕੇਸ ਵਿਚ ਬਠਿੰਡਾ ਦੀ ਜੇਲ੍ਹ ਵਿਚੋਂ ਲਿਆਈ ਹੈ। ਅੱਜ ਦੁਪਹਿਰ ਕਰੀਬ ਇਕ ਵਜੇ ਭਾਰੀ ਸੁਰੱਖਿਆ 'ਚ ਜੱਗੂ ਦੀ ਡਾਕਟਰੀ ਜਾਂਚ ਅਤੋ ਕੋਰੋਨਾ ਟੈਸਟ ਲਈ ਸਿਵਲ ਹਸਪਤਾਲ ਤਰਨਤਾਰਨ ਲਿਆਂਦਾ ਗਿਆ। ਦੱਸਿਆ ਜਾ ਰਿਹਾ ਹੈ ਕਿ ਮੈਡੀਕਲ ਜਾਂਚ ਤੋਂ ਬਾਅਦ ਜੱਗੂ ਭਗਵਾਨਪੁਰੀਆ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ 'ਤੇ ਲਿਆ ਗਿਆ ਹੈ। ਸੂਤਰਾਂ ਦੀ ਮੰਨੀਏ ਤਾਂ 16 ਅਕਤੂਬਰ ਨੂੰ ਕਤਲ ਕੀਤੇ ਗਏ ਸ਼ੌਰਿਆ ਚੱਕਰ ਵਿਜੇਤਾ ਕਾਮਰੇਡ ਬਲਵਿੰਦਰ ਸਿੰਘ ਭਿੱਖੀਵਿੰਡ ਦੇ ਮਾਮਲੇ 'ਚ ਪੁਲਿਸ ਜੱਗੂ ਭਗਵਾਨਪੁਰੀਆ ਕੋਲੋਂ ਪੁੱਛਗਿੱਛ ਕਰ ਸਕਦੀ ਹੈ। ਹਾਲਾਂਕਿ ਪੁਲਿਸ ਨੇ ਅਧਿਕਾਰਤ ਤੌਰ 'ਤੇ ਇਸਦੀ ਪੁਸ਼ਟੀ ਨਹੀਂ ਕੀਤੀ ਹੈ। ਦੂਜੇ ਪਾਸੇ ਪਰਿਵਾਰ ਵੱਲੋਂ ਇਸ ਕਤਲ ਪਿੱਛੇ ਅੱਤਵਾਦ ਕੁਨੈਕਸ਼ਨ ਹੋਣ ਦੀ ਗੱਲ ਕਹੀ ਜਾਂਦੀ ਰਹੀ ਹੈ। ਹਾਲਾਂਕਿ ਪੁਲਿਸ ਇਸ ਮਾਮਲੇ ਨੂੰ ਹਰ ਪਹਿਲੂ ਤੋਂ ਜਾਂਚ ਰਹੀ ਹੈ। ਸੂਤਰਾਂ ਮੁਤਾਬਿਕ ਪੁਲਿਸ ਨੇ ਕਤਲ ਕਰਨ ਵਾਲੇ ਦੋ ਨਕਾਬਪੋਸ਼ਾਂ ਦੀ ਟੋਹ ਲਗਾਉਣ ਲਈ ਹਾਈਵੇ ਤੋਂ ਲੈ ਕੇ ਲੁਧਿਆਣਾ ਤਕ ਛਾਪੇਮਾਰੀ ਕੀਤੀ ਹੈ। ਇਸ ਮਾਮਲੇ ਨੂੰ ਹੱਲ ਕਰਨ 'ਚ ਪੁਲਿਸ ਹਾਲੇ ਤਕ ਸਫਲ ਨਹੀਂ ਹੋ ਸਕੀ ਹੈ। ਐੱਸਪੀ ਪੜਤਾਲ ਜਗਜੀਤ ਸਿੰਘ ਵਾਲੀਆ ਦਾ ਕਹਿਣਾ ਹੈ ਕਿ ਜੱਗੂ ਭਗਵਾਨਪੁਰੀਆ ਨੂੰ ਥਾਣਾ ਸ੍ਰੀ ਗੋਇੰਦਵਾਲ ਸਾਹਿਬ 'ਚ ਦਰਜ ਮੁਕੱਦਮੇਂ ਵਿਚ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਗਿਆ ਹੈ। ਫਿਲਹਾਲ ਇਸ ਤੋਂ ਵੱਧ ਕੋਈ ਹੋਰ ਜਾਣਕਾਰੀ ਨਹੀਂ ਹੈ।

Posted By: Jagjit Singh