ਪੰਜਾਬੀ ਜਾਗਰਣ ਟੀਮ, ਤਰਨਤਾਰਨ : ਕਰਫਿਊ ਦੌਰਾਨ ਈ-ਪਾਸ ਬਣਾਉਣ ਲਈ ਪੈਸੇ ਲੈਣ ਵਾਲੇ ਪੁਲਿਸ ਕਰਮਚਾਰੀ ਨੂੰ ਬਰਖਾਸਤ ਕੀਤਾ ਗਿਆ ਹੈ। ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ ਤੋਂ ਬਾਅਦ ਐੱਸਐੱਸਪੀ ਨੇ ਇਹ ਕਾਰਵਾਈ ਕੀਤੀ ਹੈ।

ਦੱਸਣਯੋਗ ਹੈ ਕਿ ਇਕ ਪੁਲਿਸ ਕਰਮਚਾਰੀ ਵੱਲੋਂ ਵਰਦੀ ਵਿਚ ਹੀ ਈ ਪਾਸ ਬਦਲੇ ਰਿਸ਼ਵਤ ਲੈਣ ਦੀ ਵੀਡੀਓ ਵਾਇਰਲ ਹੋਈ ਸੀ। ਇਹ ਵੀਡੀਓ ਜਦੋਂ ਐੱਸਐੱਸਪੀ ਧਰੁਵ ਦਹੀਆ ਕੋਲ ਪਹੁੰਚੀ ਤਾਂ ਉਨ੍ਹਾਂ ਨੇ ਮਾਮਲੇ ਦੀ ਜਾਂਚ ਦੇ ਆਦੇਸ਼ ਜਾਰੀ ਕੀਤੇ। ਜਿਸ ਦੌਰਾਨ ਸਾਹਮਣੇ ਆਇਆ ਕਿ ਹਰਜਿੰਦਰ ਸਿੰਘ ਨਾਮਕ ਇਹ ਕਰਮਚਾਰੀ ਪੱਟੀ ਦੇ ਐੱਸਡੀਐੱਮ ਦਫਤਰ 'ਚ ਤਾਇਨਾਤ ਸੀ। ਜੋ ਵੀਡੀਓ ਵਿਚ ਕਿਸੇ ਵਿਅਕਤੀ ਨੂੰ ਡੀਐੱਸਪੀ ਪੱਟੀ ਅਤੇ ਭਿੱਖੀਵਿੰਡ ਨੂੰ ਆਪਣੇ ਅਧੀਨ ਹੋਣ ਦੀ ਗੱਲ ਕਹਿੰਦਾ ਦਿਖਾਈ ਦੇ ਰਿਹਾ ਸੀ। ਐੱਸਐੱਸਪੀ ਨੇ ਜਾਂਚ ਤੋਂ ਬਾਅਦ ਹਰਜਿੰਦਰ ਸਿੰਘ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਨ ਦੇ ਜਿਥੇ ਹੁਕਮ ਜਾਰੀ ਕੀਤੇ ਉਥੇ ਹੀ ਉਸ ਨੂੰ ਨੌਕਰੀ ਤੋਂ ਬਰਖਾਸਤ ਵੀ ਕਰ ਦਿੱਤਾ। ਉਕਤ ਕਰਮਚਾਰੀ ਦੇ ਖਿਲਾਫ ਥਾਣਾ ਸਿਟੀ ਪੱਟੀ 'ਚ ਕੇਸ ਦਰਜ ਕਰ ਲਿਆ ਗਿਆ ਹੈ। ਦੂਜੇ ਪਾਸੇ ਐੱਸਐੱਸਪੀ ਨੇ ਕਰਮਚਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਅਜਿਹੀ ਗਲਤੀ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

Posted By: Rajnish Kaur