ਮਾਨ ਸਿੰਘ, ਮੀਆਂਵਿੰਡ : ਥਾਣਾ ਵੈਰੋਂਵਾਲ ਅਧੀਨ ਆਉਂਦੇ ਇਕ ਪਿੰਡ ’ਚ 6 ਸਾਲ ਦੀ ਮਾਸੂਮ ਲੜਕੀ ਨਾਲ ਗਵਾਂਢ ਵਿਚ ਰਹਿੰਦੇ ਵਿਅਕਤੀ ਵੱਲੋਂ ਜਬਰ ਜਨਾਂਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਖੂਨ ਨਾਲ ਲਥਪਥ ਮਿਲੀ ਬੱਚੀ ਨੂੰ ਲੈ ਕੇ ਉਸਦੀ ਦਾਦੀ ਪੁਲਿਸ ਕੋਲ ਪਹੁੰਚੀ। ਜਿਸ ’ਤੇ ਕਾਰਵਾਈ ਕਰਦਿਆਂ ਉਕਤ ਦਰਿੰਦੇ ਵਿਰੁੱਧ ਥਾਣਾ ਵੈਰੋਂਵਾਲ ਵਿਖੇ ਕੇਸ ਦਰਜ ਕਰ ਲਿਆ ਗਿਆ ਹੈ।

ਮਾਮਲੇ ਦੀ ਤਫ਼ਤੀਸ਼ ਕਰ ਰਹੀ ਸਬ ਇੰਸਪੈਕਟਰ ਸੋਨੇ ਨੇ ਦੱਸਿਆ ਕਿ ਪੀੜਤ ਲੜਕੀ ਦੀ ਦਾਦੀ ਨੇ ਦਰਜ ਕਰਵਾਈ ਸ਼ਿਕਾਇਤ ’ਚ ਦੋਸ਼ ਲਗਾਇਆ ਕਿ ਉਸਦੀ 6 ਸਾਲ ਦੀ ਪੋਤਰੀ ਬੱਚਿਆਂ ਨਾਲ ਖੇਡਦੀ ਖੇਡਦੀ ਗਵਾਂਢ ਵਿਚ ਰਹਿੰਦੇ ਕੁਲਵਿੰਦਰ ਸਿੰਘ ਨਾਮਕ ਵਿਅਕਤੀ ਦੇ ਘਰ ਚਲੀ ਗਈ ਅਤੇ ਜਦੋਂ ਦੋ ਘੰਟੇ ਵਾਪਸ ਨਾ ਮੁੜੀ ਤਾਂ ਉਹ ਬੱਚੀ ਦੀ ਭਾਲ ਕਰਦਿਆਂ ਉਕਤ ਵਿਅਕਤੀ ਦੇ ਘਰ ਪਹੁੰਚੀ। ਜਿਥੇ ਪੁਰਾਣੇ ਕਮਰੇ ਵਿਚੋਂ ਬੱਚੇ ਦੇ ਰੋਣ ਅਤੇ ਚੀਕਾਂ ਮਾਰਨ ਦੀਆਂ ਅਵਾਜ਼ਾਂ ਸੁਣਾਈ ਦਿੱਤੀਆਂ। ਜਦੋਂ ਉਹ ਉਥੇ ਪੁੱਜੀ ਤਾਂ ਉਕਤ ਵਿਅਕਤੀ ਉਸ ਨੂੰ ਦੇਖ ਕੇ ਮੌਕੇ ਤੋਂ ਭੱਜ ਗਿਆ। ਜਦੋਕਿ ਉਸਦੀ ਪੋਤਰੀ ਖੂਨ ਵਿਚ ਲਥ ਪਥ ਮਿਲੀ। ਐੱਸਆਈ ਸੋਨੇ ਨੇ ਦੱਸਿਆ ਕਿ ਮਹਿਲਾ ਵੱਲੋਂ ਦਿੱਤੇ ਬਿਆਨਾਂ ਦੇ ਆਧਾਰ ’ਤੇ ਕੁਲਵਿੰਦਰ ਸਿੰਘ ਖ਼ਿਲਾਫ਼ ਜਬਰ ਜਨਾਹ ਅਤੇ ਪੋਸਕੋ ਐਕਟ ਦੀਆਂ ਧਾਰਾਵਾਂ ਦੇ ਤਹਿਤ ਕੇਸ ਦਰਜ ਕਰਕੇ ਉਸਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।

Posted By: Jagjit Singh