ਤਰਨਤਾਰਨ : ਪਿੰਡ ਬੋਦੇਵਾਲ ਵਿਖੇ ਚੋਣਾਂ ਦੀ ਰੰਜਿਸ਼ ਨੂੰ ਲੈ ਕੇ ਸੱਤ ਲੋਕਾਂ ਵੱਲੋਂ ਚਾਚਾ ਤੇ ਭਤੀਜੀ ਦੀ ਕੁੱਟਮਾਰ ਕਰਕੇ ਜ਼ਖ਼ਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਵੈਰੋਵਾਲ ਦੀ ਪੁਲਿਸ ਨੇ ਸੱਤ ਲੋਕਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਪ੍ਰਵੀਨ ਕੌਰ ਪੁੱਤਰੀ ਹਿੰਮਤ ਸਿੰਘ ਵਾਸੀ ਬੋਦੇਵਾਲ ਨੇ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ 'ਚ ਕਥਿਤ ਤੌਰ 'ਤੇ ਦੋਸ਼ ਲਾਇਆ ਕਿ ਹਰਜੀਤ ਸਿੰਘ ਪੁੱਤਰ ਵੀਰ ਸਿੰਘ, ਦਿਲਬਾਗ ਸਿੰਘ ਪੁੱਤਰ ਲਖਵਿੰਦਰ ਸਿੰਘ, ਸੁਖਜਿੰਦਰ ਸਿੰਘ, ਉਸ ਦੀ ਪਤਨੀ ਬੀਰ ਕੌਰ, ਲੜਕੀ ਸ਼ੁਭਦੀਪ ਕੌਰ, ਰੂਪਦੀਪ ਕੌਰ ਵਾਸੀ ਬੋਦੇਵਾਲ ਉਨ੍ਹਾਂ ਨਾਲ ਚੋਣਾਂ ਨੂੰ ਲੈ ਕੇ ਰੰਜਿਸ਼ ਰੱਖਦੇ ਹਨ ਜਿਸ ਤਹਿਤ ਉਕਤ ਲੋਕਾਂ ਨੇ ਆਪਣੇ ਸਾਥੀ ਸੁਖਦੇਵ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਗਿੱਲ ਕਲੇਰ ਨਾਲ ਮਿਲ ਕੇ ਉਸ ਦੇ ਚਾਚਾ ਸਰਬਰਿੰਦਰ ਸਿੰਘ ਨੂੰ ਕੰਮ 'ਤੇ ਜਾਂਦੇ ਸਮੇਂ ਰਸਤੇ 'ਚ ਰੋਕ ਲਿਆ ਤੇ ਉਸ ਦੀ ਕੁੱਟਮਾਰ ਕਰਨ ਲੱਗ ਪਏ।

ਪਤਾ ਚੱਲਣ 'ਤੇ ਜਦੋਂ ਉਹ ਚਾਚਾ ਸਰਬਰਿੰਦਰ ਸਿੰਘ ਨੂੰ ਛੁਡਾਉਣ ਗਈ ਤਾਂ ਉਕਤ ਲੋਕਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਰੌਲਾ ਪਾਉਣ 'ਤੇ ਹਮਲਾਵਰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ। ਏਐੱਸਆਈ ਲਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਜਿਨ੍ਹਾਂ ਦੀ ਗਿ੍ਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।