ਜਸਪਾਲ ਸਿੰਘ ਜੱਸੀ, ਤਰਨਤਾਰਨ : ਤਰਨਤਾਰਨ ਜ਼ਿਲ੍ਹੇ ਦੇ ਪਿੰਡ ਪੱਖੋਕੇ ’ਚ ਸ਼ੁੱਕਰਵਾਰ ਬਾਅਦ ਦੁਪਹਿਰ ਨਸ਼ੇ ਦੀ ਹਾਲਤ ਵਿਚ ਦੋ ਦੋਸਤ ਭਿੜ ਗਏ। ਜਿਨ੍ਹਾਂ ਵਿਚੋਂ ਇਕ ਨੇ ਦੂਸਰੇ ਨੂੰ ਕਥਿਤ ਤੌਰ ’ਤੇ ਕਿਰਚ ਮਾਰ ਕੇ ਕਤਲ ਕਰ ਦਿੱਤਾ। ਘਟਨਾ ਦਾ ਪਤਾ ਚੱਲਦਿਆਂ ਹੀ ਮੌਕੇ ’ਤੇ ਪਹੁੰਚੀ ਥਾਣਾ ਸਦਰ ਤਰਨਤਾਰਨ ਦੀ ਪੁਲਿਸ ਨੇ ਲਾਸ਼ ਕਬਜੇ ਵਿਚ ਲੈ ਕੇ ਅਗਲੀ ਜਾਂਚ ਸ਼ੁਰੂ ਕਰ

ਦਿੱਤੀ ਹੈ।

ਥਾਣਾ ਸਦਰ ਦੇ ਮੁਖੀ ਇੰਸਪੈਕਟਰ ਪ੍ਰਭਜੀਤ ਸਿੰਘ ਨੇ ਦੱਸਿਆ ਕਿ ਮੌਕੇ ’ਤੇ ਜੋ ਜਾਣਕਾਰੀ ਸਾਹਮਣੇ ਆਈ ਹੈ ਉਸ ਮੁਤਾਬਿਕ ਮਨਪ੍ਰੀਤ ਸਿੰਘ ਪੁੱਤਰ ਮਿਲਖਾ ਸਿੰਘ ਵਾਸੀ ਪੱਖੋਕੇ ਅਤੇ ਮਨਦੀਪ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਰੱਖ ਸ਼ੇਖ ਫੱਤਾ ਆਪਸ ਵਿਚ ਚੰਗੇ ਜਾਣੂ ਸਨ ਅਤੇ ਅਕਸਰ ਇਕੱਠੇ ਹੀ ਰਹਿੰਦੇ ਸਨ। ਅੱਜ ਦੋਵਾਂ ਨੇ ਸ਼ਰਾਬ ਜਾਂ ਕੋਈ ਹੋਰ ਨਸ਼ਾ ਕੀਤਾ ਅਤੇ ਨਸ਼ੇ ਦੀ ਹਾਲਤ ਵਿਚ ਹੀ ਦੋਵੇਂ ਭਿੜ ਗਏ। ਪਿੰਡ ਪੱਖੋਕੇ ਦੀ ਡਰੇਨ ਉੱਪਰ ਗੁੱਥਮ ਗੁੱਥਾ ਹੁੰਦਿਆਂ ਮਨਦੀਪ ਸਿੰਘ ਨੇ ਮਨਪ੍ਰੀਤ ਸਿੰਘ ਦੀ ਵੱਖੀ ਵਿਚ ਕਿਰਚ ਮਾਰ ਦਿੱਤੀ। ਜਿਸ ਕਾਰਨ 30 ਸਾਲਾ ਮਨਪ੍ਰੀਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਤਰਨਤਾਰਨ ਦੇ ਮੁਰਦਾਘਰ ਵਿਚ ਰਖਵਾ ਦਿੱਤਾ ਗਿਆ ਹੈ ਅਤੇ ਮਿ੍ਤਕ ਦੇ ਵਾਰਸਾਂ ਦੇ ਬਿਆਨ ਕਲਮਬੰਦ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

Posted By: Jagjit Singh