ਬੱਲੂ ਮਹਿਤਾ, ਪੱਟੀ : ਪੱਟੀ ਦੀ ਇਕ ਔਰਤ ਜੋ ਕਿ ਏਜੰਟ ਵੱਲੋਂ ਦਿੱਤੇ ਨੌਕਰੀ ਦੇ ਝਾਂਸੇ ’ਚ ਆ ਕੇ ਦੁਬਈ ਗਈ ਸੀ, ਨੇ ਪੱਟੀ ਵਾਪਸ ਆ ਕੇ ਕਈ ਅਹਿਮ ਖੁਲਾਸੇ ਕੀਤੇ ਹਨ। ਪੱਟੀ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਮੋਦੀਖਾਨਾ ’ਚ ਪ੍ਰੈੱਸ ਕਾਨਫਰੰਸ ਦੌਰਾਨ ਉਸਨੇ ਦੱਸਿਆ ਕਿ ਉਹ ਪੱਟੀ ਦੇ ਹੀ ਇਕ ਏਜੰਟ ਦੇ ਝਾਂਸੇ ’ਚ ਆ ਕੇ ਦੁਬਈ ਗਈ ਸੀ । ਏਜੰਟ ਨੇ ਕਿਹਾ ਸੀ ਕਿ ਉਸਨੂੰ ਨੌਕਰੀ ਮਿਲੇਗੀ ਅਤੇ ਇੱਕ ਲੱਖ ਰੁਪਏ ਮਹੀਨਾ ਤਨਖਾਹ ਦਿੱਤੀ ਜਾਵੇਗੀ।

9 ਜਨਵਰੀ ਨੂੰ ਉਹ ਦੁਬਈ ਪਹੁੰਚੀ ਜਿੱਥੇ ਉਸ ਨੂੰ ਦੋ ਦਿਨ ਇਕ ਕਮਰੇ ’ਚ ਰੱਖਿਆ ਗਿਆ। ਬਾਅਦ ਵਿਚ ਉਸਨੂੰ ਘਰੇਲੂ ਕੰਮ ਕਰਨ ਦਾ ਕਹਿ ਕੇ ਗਲਤ ਕੰਮਾਂ ਵੱਲ ਧਕੇਲਣ ਦੀ ਕੋਸ਼ਿਸ਼ ਕੀਤੀ ਜਾਂਦੀ। ਇਸਦਾ ਵਿਰੋਧ ਕਰਨ 'ਤੇ ਟਾਰਚਰ ਕੀਤਾ ਜਾਂਦਾ। ਮੇਰੇ ਕੋਲੋਂ ਮੋਬਾਈਲ ਫੋਨ ਵੀ ਖੋਹ ਲਿਆ ਗਿਆ। ਫਿਰ ਕਿਸੇ ਤਰ੍ਹਾਂ ਮੈਂ ਆਪਣੇ ਘਰ ਪੱਟੀ ਸੰਪਰਕ ਕੀਤਾ ਅਤੇ ਆਪਣੀ ਹੱਡਬੀਤੀ ਸੁਣਾਈ। ਜਿਸ ਤੋਂ ਬਾਅਦ ਮੇਰੇ ਪਤੀ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਂਬਰਾਂ ਨਾਲ ਸੰਪਰਕ ਕੀਤਾ ਤੇ ਉਨ੍ਹਾਂ ਮੈਨੂੰ ਵਾਪਸ ਘਰ ਲਿਆਉਣ ’ਚ ਮਦਦ ਕੀਤੀ। ਮੈਂ ਬੀਤੇ ਕੱਲ੍ਹ ਹੀ ਆਪਣੇ ਘਰ ਆਈ ਹਾਂ।

ਉਸ ਨੇ ਹੋਰਨਾਂ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਵਿਦੇਸ਼ ਜਾਣ ਤੋਂ ਪਹਿਲਾ ਸਹੀ ਜਾਂਚ ਕਰ ਲੈਣ। ਇਸ ਮੌਕੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਪ੍ਰਿੰਸ ਧੁੰਨਾ ਨੇ ਦੱਸਿਆ ਕਿ ਟਰੱਸਟ ਦੇ ਚੇਅਰਮੈਂਨ ਐਸ.ਪੀ. ਸਿੰਘ ਉਬਰਾਏ ਵੱਲੋਂ ਪੱਟੀ ਦੇ ਇਸ ਪਰਿਵਾਰ ਦੀ ਮਦਦ ਕੀਤੀ ਗਈ ਹੈ। ਪਹਿਲਾਂ ਵੀਂ ਕਈ ਅਜਿਹੀਆਂ ਲੜਕੀਆਂ ਉਨ੍ਹਾਂ ਨੇ ਦੁਬਈ ਤੋਂ ਛੁਡਾ ਕੇ ਲਿਆਂਦੀਆਂ ਹਨ।

Posted By: Tejinder Thind