ਕਿਰਪਾਲ ਸਿੰਘ ਰੰਧਾਵਾ, ਹਰੀਕੇ ਪੱਤਣ : ਵਿਸ਼ਵ ਪ੍ਰਸਿੱਧ ਹਰੀਕੇ ਬਰਡ ਸੈਂਚੁਰੀ ’ਚ ਨਾਜਾਇਜ਼ ਤੌਰ ’ਤੇ ਅੱਗ ਲਗਾ ਕੇ ਪੰਛੀਆਂ ਦੇ ਰੈਣ ਬਸੇਰੇ ਨੂੰ ਨਸ਼ਟ ਕਰਨ ਵਾਲੇ ਦੋ ਲੋਕਾਂ ਨੂੰ ਵਣ ਅਤੇ ਜੰਗਲੀ ਜੀਵ ਵਿਭਾਗ ਦੇ ਮੁਲਾਜ਼ਮਾਂ ਨੇ ਕਾਬੂ ਕੀਤਾ ਹੈ। ਜਿਨ੍ਹਾਂ ਖਿਲਾਫ ਕੇਸ ਦਰਜ ਕਰਕੇ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੋਂ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।

ਵਣ ਰੇਜ ਅਤੇ ਜੰਗਲੀ ਜੀਵ ਰੇਜ ਹਰੀਕੇ ਦੇ ਅਧਿਕਾਰੀ ਕਮਲਜੀਤ ਸਿੰਘ ਨੇ ਦੱਸਿਆ ਕਿ ਉਹ ਸੋਮਵਾਰ ਨੂੰ ਵਣ ਗਾਰਡ ਤੇਜਿੰਦਰ ਸਿੰਘ ਦੇ ਨਾਲ ਸੈਂਚੁਰੀ ਖੇਤਰ ਵਿਚ ਗਸ਼ਤ ਕਰ ਰਹੇ ਸਨ। ਇਸੇ ਦੌਰਾਨ ਦੇਖਿਆ ਕਿ ਦੋ ਵਿਅਕਤੀ ਜੋ ਨਜਾਇਜ਼ ਤੌਰ 'ਤੇ ਸੈਂਚੁਰੀ ਵਿਚ ਦਾਖਲ ਹੋਏ ਸਨ ਅੱਗ ਲਗਾ ਕੇ ਪੰਛੀਆਂ ਤੇ ਜਾਨਵਰਾਂ ਦੇ ਰਹਿਣ ਬਸੇਰੇ ਨੂੰ ਨਸ਼ਟ ਕਰ ਰਹੇ ਸਨ। ਦੋਵਾਂ ਮੁਲਜ਼ਮਾਂ ਜਿਨ੍ਹਾਂ ਦੀ ਪਛਾਣ ਬੰਤਾ ਸਿੰਘ ਪੁੱਤਰ ਲਛਮਣ ਸਿੰਘ ਵਾਸੀ ਪਿੰਡ ਲੱਲੇ ਬੂਹ ਅਤੇ ਰਾਜਬੀਰ ਸਿੰਘ ਰਾਜੂ ਪੁੱਤਰ ਗੁਰਮੀਤ ਸਿੰਘ ਵਾਸੀ ਟੱਲੀ ਗਰਾਮ (ਫਿਰੋਜ਼ਪੁਰ) ਵਜੋਂ ਹੋਈ ਹੈ ਨੂੰ ਮੌਕੇ ’ਤੇ ਹੀ ਕਾਬੂ ਕਰਕੇ ਉਨ੍ਹਾਂ ਖ਼ਿਲਾਫ਼ ਜੰਗਲੀ ਜੀਵ ਸੁਰੱਖਿਆ ਐਕਟ ਤਹਿਤ ਕਾਰਵਾਈ ਕਰਕੇ ਸੁਲਤਾਨਪੁਰ ਲੋਧੀ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿਥੋਂ ਉਨ੍ਹਾਂ ਨੂੰ ਗੁਰਦਾਸਪੁਰ ਦੀ ਜੇਲ੍ਹ ਵਿਚ ਭੇਜਣ ਦੇ ਹੁਕਮ ਮਿਲੇ ਹਨ। ਇਸ ਮੌਕੇ ’ਤੇ ਗੁਰਦਿਆਲ ਸਿੰਘ, ਜਸਪਾਲ ਸਿੰਘ, ਰੇਸ਼ਮ ਸਿੰਘ, ਦਿਲਬਾਗ ਸਿੰਘ, ਮਨਜੀਤ ਸਿੰਘ ਆਦਿ ਸਟਾਫ ਵੀ ਮੌਜੂਦ ਸੀ।

Posted By: Amita Verma