ਰਾਜਨ ਚੋਪੜਾ, ਭਿੱਖੀਵਿੰਡ : ਨਿੱਜੀ ਫਾਈਨੈਂਸ ਕੰਪਨੀ ਤੋਂ ਲਏ ਕਰਜ਼ੇ ਦੀਆਂ ਕਿਸ਼ਤਾਂ ਇਕੱਠੀਆਂ ਕਰ ਕੇ ਜਮ੍ਹਾਂ ਕਰਵਾਉਣ ਚੱਲੇ ਪਤੀ-ਪਤਨੀ ਨੂੰ ਰਸਤੇ ਵਿੱਚ ਘੇਰ ਕੇ ਕੁੱਟਮਾਰ ਕਰ ਕੇ ਲੁਟੇਰਿਆਂ ਨੇ ਉਨ੍ਹਾਂ ਕੋਲੋਂ 52 ਹਜ਼ਾਰ ਰੁਪਏ ਲੁੱਟ ਲਏ।

ਇਸ ਸਬੰਧੀ ਲੁੱਟ ਦਾ ਸ਼ਿਕਾਰ ਹੋਈ ਕੁਲਵਿੰਦਰ ਕੌਰ ਨੇ ਦੱਸਿਆ ਕਿ ਉਹ ਤੇ ਉਸਦਾ ਪਤੀ ਗੁਰਪ੍ਰਰੀਤ ਸਿੰਘ ਵਾਸੀ ਪਿੰਡ ਮਰਗਿੰਦਪੁਰਾ ਘਰ ਵਿੱਚ ਬਣੇ ਭਾਰਤ ਫਾਈਨਾਂਸ ਕੰਪਨੀ ਦੇ ਗਰੁੱਪ ਏ ਦੀਆਂ ਕਿਸ਼ਤਾਂ ਇਕੱਠੀਆਂ ਕਰ ਕੇ ਭਿੱਖੀਵਿੰਡ ਵਿਖੇ ਆਪਣੇ ਮੋਟਰਸਾਈਕਲ 'ਤੇ ਜਮ੍ਹਾਂ ਕਰਵਾਉਣ ਜਾ ਰਹੇ ਸੀ। ਜਦੋਂ ਉਹ ਦਿਆਲਪੁਰਾ ਦੇ ਨੇੜੇ ਪੁੱਜੇ ਤਾਂ ਤਿੰਨ ਮੂੰਹ ਬੰਨ੍ਹੀ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਸਾਡੇ ਮੋਟਰਸਾਈਕਲ ਦੇ ਅਗਲੇ ਚੱਕੇ ਵਿੱਚ ਡਾਂਗ ਅੜਾ ਦਿੱਤੀ ਜਿਸ ਨਾਲ ਉਹ ਦੋਵੇਂ ਮੋਟਰਸਾਈਕਲ ਦੇ ਉੱਪਰੋਂ ਡਿੱਗ ਪਏ ਇਸ ਤੇ ਅਣਪਛਾਤੇ ਨੌਜਵਾਨਾਂ ਨੇ ਉਸਦੀ ਤੇ ਉਸਦੇ ਪਤੀ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਸਨੇ ਪਤੀ ਗੁਰਪ੍ਰਰੀਤ ਨੂੰ ਕਿਹਾ ਕਿ ਉਹ ਪੈਸੇ ਲੈ ਕੇ ਭੱਜ ਜਾਵੇ, ਜਿਸ 'ਤੇ ਲੁਟੇਰਿਆਂ ਨੇ ਕਿਹਾ ਕਿ ਜੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਤੁਹਾਨੂੰ ਗੋਲ਼ੀ ਮਾਰ ਦਿਆਂਗੇ ਤੇ ਉਹਨਾਂ ਨੇ ਉਸਦੀ ਤੇ ਪਤੀ (ਦੋਵਾਂ) ਦੀ ਕੁੱਟ ਮਾਰ ਕਰ ਕੇ 52,230 ਰੁਪਏ ਲੁੱਟ ਲਏ ਤੇ ਫ਼ਰਾਰ ਹੋ ਗਏ।

ਪੀੜਤ ਕੁਲਵਿੰਦਰ ਕੌਰ ਨੇ ਤੇ ਗੁਰਪ੍ਰਰੀਤ ਸਿੰਘ ਨੇ ਅੱਗੇ ਦੱਸਿਆ ਕਿ ਸਾਡੇ ਘਰ ਬਣੇ ਗਰੁੱਪਾਂ ਵਿੱਚ ਸਾਡੇ ਹੀ ਪਿੰਡ ਦਾ ਇੱਕ ਨੌਜਵਾਨ ਜਿਸ ਨੇ ਗਰੁੱਪ 'ਚ ਕਰਜ਼ਾ ਲਿਆ ਹੈ ਮੰਗਲਵਾਰ ਨੂੰ ਜਦੋਂ ਉਸ ਕੋਲੋਂ ਕਿਸ਼ਤ ਮੰਗੀ ਤਾਂ ਉਸ ਨੇ ਕਿਸ਼ਤ ਨਹੀਂ ਦਿੱਤੀ ਤੇ ਉਲਟਾ ਧਮਕੀਆਂ ਦਿੱਤੀਆਂ ਕਿ ਉਹ ਤੁਹਾਡੀਆਂ ਕਿਸ਼ਤਾਂ ਲੁੱਟ ਲੈਣਗੇ।

ਸਾਨੂੰ ਸ਼ੱਕ ਹੈ ਕਿ ਸਾਡੇ ਹੀ ਪਿੰਡ ਦੇ ਕੁਝ ਨੌਜਵਾਨਾਂ ਨੇ ਬਾਹਰਲੇ ਪਿੰਡਾਂ ਦੇ ਨੌਜਵਾਨਾਂ ਤੋਂ ਇਹ ਲੁੱਟ ਕਰਾਈ ਹੈ। ਕੁਲਵਿੰਦਰ ਕੌਰ ਨਾਲ ਮੌਜੂਦ ਕੁਝ ਹੋਰ ਅੌਰਤਾਂ ਨੇ ਵੀ ਦੱਸਿਆ ਕਿ ਪਿੰਡ ਦੇ ਹੀ ਇਕ ਨੌਜਵਾਨ ਵੱਲੋਂ ਸਾਨੂੰ ਸਾਰੀਆਂ ਨੂੰ ਧਮਕੀਆਂ ਦਿੱਤੀਆਂ ਗਈਆਂ ਹਨ ਕਿ ਮੈਂ ਕਿਸ਼ਤ ਨਹੀਂ ਦੇਣੀ ਤੇ ਤੁਹਾਡੀਆਂ ਕਿਸ਼ਤਾਂ ਵੀ ਲੁੱਟ ਲੈਣੀਆਂ ਹਨ।

ਉਨ੍ਹਾਂ ਅੱਗੇ ਦੱਸਿਆ ਕਿ ਇਸ ਸਬੰਧੀ ਪੁਲਸ ਥਾਣਾ ਕੱਚਾ ਪੱਕਾ ਵਿਖੇ ਲਿਖਤੀ ਦਰਖਾਸਤ ਦੇ ਦਿੱਤੀ ਗਈ ਹੈ। ਇਸ ਸਬੰਧੀ ਪੁਲਸ ਥਾਣਾ ਕੱਚਾ ਪੱਕਾ ਵਿਖੇ ਡਿਊਟੀ ਅਫਸਰ ਏਐੱਸਆਈ ਰਣਜੀਤ ਸਿੰਘ ਹੁਰਾ ਨਾਲ ਸੰਪਰਕ ਕਰਨ ਤੇ ਉਨ੍ਹਾਂ ਦੱਸਿਆ ਕਿ ਲੁੱਟ ਖੋਹ ਸਬੰਧੀ ਦਰਖਾਸਤ ਮਿਲੀ ਹੈ ਤੇ ਰੇਡ ਕੀਤੀ ਜਾ ਰਹੀ ਹੈ ਅਤੇ ਰਸਤੇ ਵਿੱਚ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੇਖੀ ਜਾ ਰਹੀ ਹੈ ਦੋਸ਼ੀ ਬਖਸ਼ੇ ਨਹੀਂ ਜਾਣਗੇ ਜਲਦੀ ਫੜ ਲਏ ਜਾਣਗੇ।