ਗੁਰਬਰਿੰਦਰ ਸਿੰਘ, ਸ੍ਰੀ ਗੋਇੰਦਵਾਲ ਸਾਹਿਬ : ਸ੍ਰੀ ਗੋਇੰਦਵਾਲ ਸਾਹਿਬ ਦੀ ਕੇਂਦਰੀ ਜੇਲ੍ਹ ਵਿਚ ਨਸ਼ੇ ਦੇ ਮਾਮਲੇ ’ਚ ਬੰਦ ਹਵਾਲਾਤੀ ਵੱਲੋਂ ਤੇਜ਼ਧਾਰ ਹਥਿਆਰ ਨਾਲ ਖ਼ੁਦਕੁਸ਼ੀ ਕਰਨ ਦਾ ਯਤਨ ਕੀਤਾ ਗਿਆ। ਉਕਤ ਮੁਲਜ਼ਮ ਵਿਰੁੱਧ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਮੁਕੱਦਮਾਂ ਦਰਜ ਕੀਤਾ ਗਿਆ ਹੈ। ਜ਼ਖ਼ਮੀ ਹੋਏ ਹਵਾਲਾਤੀ ਦਾ ਜੇਲ੍ਹ ਹਸਪਤਾਲ ਵਿਚ ਵੀ ਇਲਾਜ ਵੀ ਕਰਵਾ ਦਿੱਤਾ ਗਿਆ ।

ਵਿਸ਼ਾਲ ਪੁੱਤਰ ਚਰਨਜੀਤ ਸਿੰਘ ਵਾਸੀ ਵਾਰਡ ਨੰਬਰ 6 ਮਾਨਸਾ, ਬਠਿੰਡਾ ਜ਼ਿਲ੍ਹੇ ਦੇ ਥਾਣਾ ਰਾਮਪੁਰਾ ’ਚ ਐੱਨਡੀਪੀਐੱਸ ਐਕਟ ਦੇ ਤਹਿਤ 29 ਜੂਨ 2021 ਨੂੰ ਦਰਜ ਹੋਏ ਕੇਸ ਦੇ ਚਲਦਿਆਂ ਸ੍ਰੀ ਗੋਇੰਦਵਾਲ ਸਾਹਿਬ ਦੀ ਜੇਲ੍ਹ ਵਿਚ ਬੰਦ ਹੈ। ਜੇਲ੍ਹ ਸੂਤਰਾਂ ਮੁਤਾਬਿਕ ਰਾਤ 10 ਵਜੇ ਵਿਸ਼ਾਲ ਨੇ ਤੇਜ਼ਧਾਰ ਹਥਿਆਰ ਨਾਲ ਆਪਣੀਆਂ ਬਾਹਾਂ ਅਤੇ ਸਿਰ ਉੱਪਰ ਕੱਟ ਲਗਾ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਜੇਲ੍ਹ ਦੇ ਸਹਾਇਕ ਸੁਪਰਡੈਂਟ ਹਰੀਸ਼ ਕੁਮਾਰ ਨੇ ਦੱਸਿਆ ਕਿ ਵਿਸ਼ਾਲ ਦੇ ਖ਼ਿਲਾਫ਼ ਇਕ ਦਰਜਨ ਤੋਂ ਵੱਧ ਕੇਸ ਹਨ। ਜਿਨ੍ਹਾਂ ਵਿਚੋਂ ਕਈ ਕੇਸ ਜੇਲ੍ਹ ਨਿਯਮਾਂ ਦੀ ਉਲੰਘਣਾ ਕਰਨ ਸਬੰਧੀ ਵੀ ਹਨ।

ਹਵਾਲਾਤ ਦੌਰਾਨ ਉਸ ਵੱਲੋਂ ਅਧਿਕਾਰੀਆਂ ’ਤੇ ਦਬਾਅ ਬਣਾਉਣ ਲਈ ਉਸ ਵੱਲੋਂ ਕੀਤੀਆਂ ਜਾਂਦੀਆਂ ਕਾਰਵਾਈਆਂ ਕਰ ਕੇ ਹੀ ਵਾਰ ਵਾਰ ਉਸ ਦੀ ਜੇਲ੍ਹ ਬਦਲੀ ਜਾਂਦੀ ਹੈ ਅਤੇ ਹੁਣ ਉਹ ਸ੍ਰੀ ਗੋਇੰਦਵਾਲ ਸਾਹਿਬ ਦੀ ਜੇਲ੍ਹ ਵਿਚ ਹੈ। ਦੂਜੇ ਪਾਸੇ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੇ ਏਐੱਸਆਈ ਹਰਭਜਨ ਸਿੰਘ ਨੇ ਦੱਸਿਆ ਕਿ ਵਿਸ਼ਾਲ ਨੂੰ ਨਾਮਜ਼ਦ ਕਰ ਕੇ ਅਗਲੀ ਜਾਂਚ ਕੀਤੀ ਜਾ ਰਹੀ ਹੈ।

Posted By: Jaswinder Duhra