ਪੰਜਾਬੀ ਜਾਗਰਣ ਟੀਮ, ਤਰਨਤਾਰਨ/ਵਲਟੋਹਾ

ਤਰਨਤਾਰਨ ਜ਼ਿਲ੍ਹੇ ਦੇ ਸਰਹੱਦੀ ਥਾਣਾ ਵਲਟੋਹਾ ਦੀ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਮੋਟਰਸਾਈਕਲਾਂ 'ਤੇ ਸਵਾਰ ਤਿੰਨ ਲੋਕਾਂ ਨੂੰ ਵੱਡੀ ਮਾਤਰਾ ਵਿਚ ਹੈਰੋਇਨ ਬਰਾਮਦ ਕਰ ਕੇ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਕ ਪੁਲਿਸ ਪਾਰਟੀ ਵੱਲੋਂ ਕਾਬੂ ਕੀਤੇ ਦੋ ਵਿਅਕਤੀ ਅੰਮਿ੍ਤਸਰ ਤੋਂ ਕੁਲਚੇ ਵੇਚਣ ਲਈ ਆਉਂਦੇ ਸਨ ਅਤੇ ਇਸੇ ਕਾਰੋਬਾਰ ਦੀ ਆੜ 'ਚ ਕਥਿਤ ਤੌਰ 'ਤੇ ਨਸ਼ਾ ਵੀ ਵੇਚਦੇ ਸਨ। ਫਿਲਹਾਲ ਤਿੰਨਾਂ ਮੁਲਜ਼ਮਾਂ ਵਿਰੁੱਧ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕਰ ਕੇ ਪੁਲਿਸ ਨੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਥਾਣਾ ਵਲਟੋਹਾ ਦੇ ਮੁਖੀ ਪਰਵਿੰਦਰ ਸਿੰਘ ਨੇ ਦੱਸਿਆ ਕਿ ਚੌਂਕੀ ਅਲਗੋਂ ਕੋਠੀ ਦੇ ਇੰਚਾਰਜ ਸਬ ਇੰਸਪੈਕਟਰ ਬਲਵਿੰਦਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਜੀਟੀ ਰੋਡ 'ਤੇ ਕੀਤੀ ਨਾਕੇਬੰਦੀ ਦੌਰਾਨ ਮੋਟਰਸਾਈਕਲ ਨੰਬਰ ਪੀਬੀ65 ਏਐੱਲ 8152 'ਤੇ ਸਵਾਰ ਇਕ ਨੌਜਵਾਨ ਨੂੰ ਉਸ ਵੇਲੇ ਕਾਬੂ ਕੀਤਾ ਜਦੋਂ ਉਹ ਪੁਲਿਸ ਪਾਰਟੀ ਵੇਖ ਪਿੱਛੇ ਭੱਜਣ ਲੱਗਾ ਸੀ। ਉਨਾਂ੍ਹ ਦੱਸਿਆ ਕਿ ਜਦੋਂ ਉਸਦੀ ਤਲਾਸ਼ੀ ਲਈ ਗਈ, ਤਾਂ 150 ਗ੍ਰਾਮ ਹੈਰੋਇਨ ਬਰਾਮਦ ਹੋਈ। ਜਿਸ ਕਾਰਨ ਮੁਲਜ਼ਮ ਨੂੰ ਮੋਟਰਸਾਈਕਲ ਸਣੇ ਗਿ੍ਫਤਾਰ ਕਰ ਲਿਆ ਗਿਆ।

ਇਸੇ ਤਰਾਂ੍ਹ ਹੀ ਏਐੱਸਆਈ ਦਵਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਮੋੜ ਬਾਬਾ ਭਾਈ ਝਾੜੂ ਸਾਹਿਬ ਦੇ ਕੋਲੋਂ ਸਲਪੈਂਡਰ ਮੋਟਰਸਾਈਕਲ ਨੰਬਰ ਪੀਬੀ02 ਬੀਜੇ 4037 'ਤੇ ਸਵਾਰ ਦੋ ਲੋਕਾਂ ਜਿਨਾਂ੍ਹ ਦੀ ਪਛਾਣ ਅਜੈ ਕੁਮਾਰ ਗੁੱਗੀ ਪੁੱਤਰ ਸੋਮਾ ਸਿੰਘ ਵਾਸੀ ਕਸੇਲ ਜੋ ਹੁਣ ਅੰਮਿ੍ਤਸਰ ਦੇ ਗੁਜਰਪੁਰਾ ਇਲਾਕੇ ਵਿੱਚ ਰਹਿੰਦਾ ਹੈ ਅਤੇ ਸੋਮਨਾਥ ਪੁੱਤਰ ਸਰਬ ਦਿਆਲ ਵਾਸੀ ਹਿੰਮਤਪੁਰਾ ਅੰਮਿ੍ਤਸਰ ਵਜੋਂ ਹੋਈ ਹੈ, ਕੋਲੋਂ 70 ਗ੍ਰਾਮ ਹੈਰੋਇਨ ਬਰਾਮਦ ਕਰ ਕੇ ਗਿ੍ਫ਼ਤਾਰ ਕੀਤਾ ਗਿਆ। ਉਨਾਂ੍ਹ ਦੱਸਿਆ ਕਿ ਇਹ ਲੋਕ ਅੰਮਿ੍ਤਸਰ ਤੋਂ ਵਲਟੋਹਾ ਵਿਖੇ ਕੁਲਚੇ ਵੇਚਣ ਲਈ ਆਉਦੇ ਸਨ ਅਤੇ ਨਾਲ ਹੀ ਨਸ਼ੇ ਦਾ ਧੰਦਾ ਵੀ ਕਰਦੇ ਸਨ, ਜਿਨਾਂ੍ਹ ਨੂੰ ਕਾਬੂ ਕਰ ਕੇ ਐੱਨਡੀਪੀਐੱਸ ਐਕਟ ਦੇ ਤਹਿਤ ਨਾਮਜਦ ਕਰ ਲਿਆ ਗਿਆ ਹੈ।