ਜਸਪਾਲ ਸਿੰਘ ਜੱਸੀ, ਤਰਨਤਾਰਨ
ਪੰਜਾਬ 'ਚ ਹੋ ਰਹੀ ਬੇਮੌਸਮੀ ਮੀਂਹ ਨੇ ਕਿਸਾਨਾਂ ਦੀਆਂ ਚਿੰਤਾਵਾਂ 'ਚ ਵਾਧਾ ਕਰ ਦਿੱਤਾ ਹੈ। ਇਕ ਪਾਸੇ ਮੀਂਹ ਤੇ ਤੇਜ਼ ਹਵਾਵਾਂ ਕਰ ਕੇ ਕਣਕ ਜ਼ਮੀਨ 'ਤੇ ਵਿਛ ਚੁੱਕੀ ਹੈ। ਉਥੇ ਹੀ ਹੁਣ ਸਿੱਲ ਕਾਰਨ ਪੀਲੀ ਕੁੰਗੀ ਨੇ ਵੀ ਕਣਕ 'ਤੇ ਹਮਲਾ ਕਰ ਦਿੱਤਾ ਹੈ, ਜਿਸ ਨਾਲ ਬੂਟੇ ਨੂੰ ਖੁਰਾਕ ਰੁਕਣ ਕਾਰਨ ਝਾੜ ਵਿਚ ਭਾਰੀ ਘਾਟ ਆਉਣ ਦਾ ਖ਼ਦਸ਼ਾ ਖੜ੍ਹਾ ਹੋ ਗਿਆ ਹੈ, ਜਿਸ ਸਬੰਧੀ ਕਿਸਾਨਾਂ 'ਚ ਪਰੇਸ਼ਾਨੀ ਦਾ ਆਲਮ ਪਾਇਆ ਜਾ ਰਿਹਾ ਹੈ।
ਦੱਸ ਦੇਈਏ ਕਿ ਤਰਨਤਾਰਨ ਜ਼ਿਲ੍ਹੇ ਵਿਚ 1.87 ਲੱਖ ਹੈਕਟੇਅਰ ਦੇ ਕਰੀਬ ਜਮੀਨ 'ਤੇ ਕਣਕ ਦੀ ਬਿਜਾਈ ਕੀਤੀ ਗਈ ਹੈ। ਪਿਛਲੇ ਦਿਨੀਂ ਜ਼ਿਲ੍ਹੇ ਵਿਚ ਬਰਸਾਤ ਅਤੇ ਝੱਖੜ ਕਾਰਨ ਲਗ ਪਗ 70 ਫੀਸਦੀ ਕਣਕ ਦੀ ਫਸਲ ਪ੍ਰਭਾਵਿਤ ਹੋਈ ਅਤੇ ਵੱਡੀ ਮਾਤਰਾ ਵਿਚ ਕਣਕ ਖੇਤਾਂ ਵਿਚ ਵਿਛ ਗਈ ਹੈ। ਜਿਸ ਕਾਰਨ ਝਾੜ ਘਟਣ ਦੇ ਕਰਕੇ ਕਿਸਾਨਾਂ ਨੂੰ ਵੱਡਾ ਆਰਥਿਕ ਨੁਕਸਾਨ ਝੱਲਣਾ ਪਵੇਗਾ। ਜਦੋਂਕਿ ਮੁੜ ਖਰਾਬ ਹੋਏ ਮੌਸਮ ਤੇ ਪਿਛਲੇ ਸਮੇਂ ਦੌਰਾਨ ਹੋਈ ਬਾਰਿਸ਼ ਕਾਰਨ ਸਿੱਲ ਨੇ ਆਪਣਾ ਅਸਰ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ।
ਕਿਸਾਨਾਂ ਦੀ ਮੰਨੀਏ ਤਾਂ ਪੀਲੀ ਕੁੰਗੀ ਨਾਂ ਦੀ ਉੱਲੀ ਦਾ ਹਮਲਾ ਕਣਕ 'ਤੇ ਹੋ ਚੁੱਕਾ ਹੈ, ਜਿਸ ਨਾਲ ਹਰਿਆ ਪੱਤਾ ਨੁਕਸਾਨੇ ਜਾਣ ਕਰਕੇ ਬੂਟੇ ਦੀ ਖੁਰਾਕ ਰੁਕੇਗੀ ਅਤੇ ਪਛੇਤੀਆਂ ਤੇ ਹਰੀਆਂ ਕਣਕਾਂ ਦਾ ਝਾੜ ਹੋਰ ਘੱਟ ਜਾਵੇਗਾ। ਕਿਸਾਨਾਂ ਮੁਤਾਬਿਕ ਇਹ ਹਮਲਾ ਫਰਵਰੀ ਦੇ ਅੱਧ ਜਾਂ ਅਖੀਰ ਵਿਚ ਹੁੰਦਾ ਹੈ। ਪਰ ਇਸ ਵਾਰ ਉਦੋਂ ਤਾਂ ਮੌਸਮ ਗਰਮ ਹੋ ਗਿਆ। ਜਦੋਂਕਿ ਪੱਕਣ ਕਿਨਾਰੇ ਆਈ ਫਸਲ 'ਤੇ ਮੀਂਹ ਪੈਣ ਕਾਰਨ ਪੀਲੀ ਕੁੰਗੀ ਦਾ ਹਮਲਾ ਦੇਰੀ ਨਾਲ ਹੋ ਗਿਆ ਹੈ। ਕਿਸਾਨ ਤੇਜਿੰਦਰਪਾਲ ਸਿੰਘ ਨੇ ਦੱਸਿਆ ਕਿ 70 ਫੀਸਦੀ ਦੇ ਕਰੀਬ ਕਣਕ ਦੀ ਫਸਲ ਨੁਕਸਾਨੀ ਜਾ ਚੁੱਕੀ ਹੈ। ਉਨਾਂ੍ਹ ਦੱਸਿਆ ਕਿ ਸੁਪਰ ਸੀਡਰ ਨਾਲ ਬੀਜੀ ਕਣਕ ਵੀ ਡਿੱਗ ਪਈ ਹੈ। ਜਦੋਂਕਿ ਮਲਚਿੰਗ ਵਿਧੀ ਰਾਂਹੀ ਪਰਾਲੀ ਵਾਹ ਕੇ ਬੀਜੀ ਗਈ ਕਣਕ ਹੀ ਡਿੱਗਣ ਤੋਂ ਬਚੀ ਹੈ। ਉਨਾਂ੍ਹ ਦੱਸਿਆ ਕਿ ਪਹਿਲਾਂ ਕਣਕਾਂ ਦੇ ਡਿੱਗ ਜਾਣ ਅਤੇ ਹੁਣ ਪੀਲੀ ਕੁੰਗੀ ਦਾ ਹਮਲਾ ਹੋਣ ਕਾਰਨ ਪ੍ਰਤੀ ਏਕੜ 7 ਤੋਂ 10 ਕੁਇੰਟਲ ਤਕ ਝਾੜ ਨਿਕਲਣ ਦੀ ਆਸ ਹੈ। ਜਦੋਂਕਿ ਆਮ ਤੌਰ 'ਤੇ17 ਤੋਂ 22 ਕੁਇੰਟਲ ਪ੍ਰਤੀ ਏਕੜ ਕਣਕ ਦਾ ਝਾੜ ਨਿਕਲ ਆਉੰਦਾ ਹੈ।ਸਮੇਂ ਦੀਆਂ ਸਰਕਾਰਾਂ ਕਿਸਾਨ ਦੀ ਫ਼ਸਲ ਤੇ ਆਈ ਕੁਦਰਤੀ ਆਫ਼ਤ ਮੌਕੇ ਸਿਰਫ ਗਿਰਦਾਵਰੀ ਦੇ ਹੁਕਮ ਅਫ਼ਸਰਸ਼ਾਹੀ ਨੂੰ ਦੇਂਦੀਆਂ ਹਨ ਹਨ ਤੇ ਅਫ਼ਸਰਸ਼ਾਹੀ ਗਿਰਦਾਵਰੀ ਕਰ ਦੇਂਦੀ ਹੈ ਪਰ ਕਿਸਾਨ ਨੂੰ ਫ਼ਸਲ ਦਾ ਮੁਆਵਜ਼ਾ ਨਹੀਂ ਮਿਲਦਾ, ਕੁਲ ਮਿਲਾ ਕੇ ਕਿਸਾਨ ਮਜ਼ਦੂਰ ਨੂੰ ਸਿਰਫ ਸਰਕਾਰ ਨੇ ਵੋਟਾਂ ਪਾਉਣ ਲਈ ਰੱਖਿਆ ਹੈ ਖੇਤੀ ਅੱਜ ਵੀ ਕਰਮਾਂ ਸੇਤੀ ਹੀ ਹੈ ਜੇਕਰ ਕੁਦਰਤ ਮੇਹਰਬਾਨ ਹੈ ਤਾਂ ਫ਼ਸਲ ਕਿਸਾਨ ਦੇ ਘਰ ਆ ਜਾਵੇਗੀ ਨਹੀਂ ਤਾਂ ਕਿਸਾਨ ਕੁਦਰਤ ਦੇ ਕਹਿਰ ਨਾਲ ਕਰਜ਼ਾਈ ਹੋ ਜਾਵੇਗਾ।
ਕਿਸਾਨ ਆਗੂ ਸਤਨਾਮ ਸਿੰਘ ਪਨੂੰ ਨੇ ਕਿਹਾ ਕਿ ਇਸ ਬੇ ਮੌਸਮੀ ਬਰਸਾਤ ਕਾਰਨ ਕਣਕ ਦਾ ਝਾੜ 7 ਤੋਂ 10 ਤਕ ਆ ਜਾਣ ਦੀ ਸੰਭਾਵਨਾ ਹੈ 2 0ਤੋ 22 ਕਵਿੰਟਲ ਨਿਕਲਣ ਵਾਲੀ ਕਣਕ ਵਿਚੋਂ ਕਿਸਾਨਾਂ ਨੂੰ 25 ਤੋਂ 30 ਹਜ਼ਾਰ ਦਾ ਨੁਕਸਾਨ ਹੋਵੇਗਾ। ਕਿਸਾਨ ਸੁਖਵਿੰਦਰ ਸਿੰਘ ਦੁੱਗਲਵਾਲਾ ਨੇ ਕਿਹਾ ਕਿ ਡਿੱਗੀਆਂ ਹੋਈਆਂ ਹਰੀਆਂ ਕਣਕਾਂ 'ਤੇ ਪੀਲੀ ਕੁੰਗੀ ਦਾ ਕਹਿਰ ਵੀ ਆ ਗਿਆ ਹੈ। ਜਿਸ ਨਾਲ ਕਣਕਾਂ ਦੇ ਰੰਗ ਕਾਲੇ ਹੋਣਗੇ ਤੇ ਝਾੜ ਹੋਰ ਵੀ ਘੱਟ ਜਾਵੇਗਾ। ਪੀਲੀ ਕੁੰਗੀ ਕਣਕਾਂ ਵਿਚ ਜ਼ਿਆਦਾ ਪਾਣੀ ਕਾਰਨ ਤੇ ਡਿੱਗੀ ਹੋਈ ਕਣਕ ਕਾਰਨ ਪਈ ਸਲਾਬ ਕਰਕੇ ਆ ਗਈ ਹੈ। ਜਿਸ ਦਾ ਕਿਸਾਨ ਨੂੰ ਨੁਕਸਾਨ ਹੋਵੇਗਾ। ਜਦੋਂਕਿ ਕਿਸਾਨ ਆਗੂ ਰਾਣਾ ਰਣਬੀਰ ਸਿੰਘ ਨੇ ਕਹਿ ਕਿ ਖੇਤੀ ਨੀਤੀ 'ਤੇ ਸਿਰਫ਼ ਜ਼ੁਬਾਨੀ ਕੁਲਾਮੀ ਹੀ ਗੱਲਬਾਤ ਕੀਤੀ ਜਾ ਰਹੀ ਹੈ। ਕੋਈ ਵੀ ਰੋਡ ਮੈਪ ਅਜੇ ਤਕ ਸਰਕਾਰਾਂ ਨੇ ਨਹੀਂ ਬਣਾਇਆ ਤੇ ਨਾ ਹੀ ਸਾਰੀਆਂ ਫ਼ਸਲਾਂ ਨੂੰ ਸਰਕਾਰਾਂ ਵੱਲੋਂ ਖ਼ਰੀਦਣ ਦੀ ਗਾਰੰਟੀ ਦਾ ਕਾਨੂੰਨ ਸਰਕਾਰਾਂ ਵੱਲੋਂ ਖ਼ਰੀਦਣ ਦੀ ਗਾਰੰਟੀ ਦਾ ਕਾਨੂੰਨ ਸਰਕਾਰਾਂ ਨੇ ਬਣਾਇਆ ਹੈ।
ਉਕਤ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਸੈੱਟਲਾਈਟ ਰਾਂਹੀ ਅੱਗ ਲੱਗਣ ਦੀਆਂ ਘਟਨਾਵਾਂ ਦਾ ਪਤਾ ਲਗਾ ਸਕਦੀ ਹੈ ਤਾਂ ਕੀ ਖੇਤਾਂ ਵਿਚ ਡਿੱਗੀ ਕਣਕ ਦਾ ਪਤਾ ਨਹੀਂ ਲਗਾਇਆ ਜਾ ਸਕਦਾ। ਹਰ ਵਾਰ ਗਿਰਦਾਵਰੀ ਦੇ ਨਾਂ 'ਤੇ ਸਮਾਂ ਟਪਾ ਕੇ ਪੱਲੇ ਕੁਝ ਨਹੀਂ ਪਾਇਆ ਜਾਂਦਾ।