ਮੱਖਣ ਮਨੋਜ, ਝਬਾਲ : ਗ੍ਰਾਮੀਣ ਬੈਂਕ ਦੀ ਬ੍ਰਾਂਚ ਝਬਾਲ 'ਚ ਵੀਰਵਾਰ ਦੇਰ ਰਾਤ ਅੱਗ ਲੱਗ ਗਈ। ਜਿਸ ਕਾਰਨ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਬੈਂਕ ਮੈਨੇਜਰ ਤਰਸੇਮ ਲਾਲ ਵੋਹਰਾ ਅਤੇ ਜ਼ਿਲ੍ਹਾ ਬੈਂਕ ਅਧਿਕਾਰੀ ਵਿਪਨ ਪੁਰੀ ਨੇ ਦੱਸਿਆ ਕਿ ਸਵੇਰੇ 4 ਵਜੇ ਜਦੋਂ ਪੀਸੀਆਰ ਦੇ ਮੁਲਾਜ਼ਮ ਪ੍ਰੇਮ ਪਾਲ ਬੈਂਕ ਵੱਲ ਗਸ਼ਤ ਕਰਨ ਆਏ ਤਾਂ ਉਨ੍ਹਾਂ ਵੇਖਿਆ ਕਿ ਬੈਂਕ ਅੰਦਰੋਂ ਧੂੰਆਂ ਨਿਕਲ ਰਿਹਾ ਸੀ। ਜਿਸ ਤਹਿਤ ਉਨ੍ਹਾਂ ਥਾਣਾ ਮੁਖੀ ਹਰਿੰਦਰ ਸਿੰਘ ਅਤੇ ਉਨ੍ਹਾਂ ਨੂੰ ਸੂਚਿਤ ਕੀਤਾ। ਜਿਨ੍ਹਾਂ ਮੌਕੇ 'ਤੇ ਪੁੱਜ ਕੇ ਵੇਖਿਆ ਤਾਂ ਬੈਂਕ ਅੰਦਰ ਅੱਗ ਲੱਗੀ ਹੋਈ ਸੀ। ਇਸ ਮੌਕੇ ਤੁਰੰਤ ਫਾਇਰ ਬ੍ਰਿਗੇਡ ਦੀ ਗੱਡੀ ਬੁਲਾਈ ਗਈ ਅਤੇ ਬੈਂਕ ਅੰਦਰ ਲੱਗੀ ਅੱਗ 'ਤੇ ਕਾਬੂ ਪਾਇਆ ਗਿਆ। ਮੈਨੇਜਰ ਤਰਸੇਮ ਲਾਲ ਵੋਹਰਾ ਨੇ ਕਿਹਾ ਕਿ ਬੈਂਕ ਵਿਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਸਾਹਮਣੇ ਆ ਰਿਹਾ ਹੈ। ਅੱਗ ਦੇ ਕਾਰਨ ਬੈਂਕ ਵਿਚ ਲੱਗੇ ਦੋ ਏਸੀ, ਆਈਟੀ ਦਾ ਸਾਮਾਨ, 2 ਕੰਪਿਊਟਰ ਅਤੇ ਬੈਂਕ ਵਿਚ ਵਰਤੋਂ ਵਾਲਾ ਫਰਨੀਚਰ ਸੜ ਕੇ ਸੁਆਹ ਹੋ ਗਿਆ। ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਹੈ।

Posted By: Susheel Khanna