ਬੱਲੂ ਮਹਿਤਾ, ਪੱਟੀ

ਇੱਥੋਂ ਦੇ ਸਰਕਾਰੀ ਹਸਪਤਾਲ ਦੇ ਮੁਰਦਾਘਰ ਦੀ ਕੈਂਡੀ ਵਿਚ ਪੋਸਟਮਾਰਟਮ ਲਈ ਰੱਖੀ ਲਾਸ਼ ਜਦੋਂ ਤੀਸਰੇ ਦਿਨ ਕੱਢੀ ਗਈ ਤਾਂ ਉਹ ਖਰਾਬ ਹੋ ਚੁੱਕੀ ਸੀ। ਜਿਸ ਕਾਰਨ ਮਿ੍ਤਕ ਵਿਅਕਤੀ ਦਾ ਪਰਿਵਾਰ ਗੁੱਸੇ ਵਿਚ ਆ ਗਿਆ ਤੇ ਸਿਵਲ ਹਸਪਤਾਲ ਵਿਚ ਹੰਗਾਮਾ ਕਰਦਿਆਂ ਰੋਸ ਵੀ ਜ਼ਾਹਿਰ ਕੀਤਾ। ਉਨਾਂ੍ਹ ਦੋਸ਼ ਲਗਾਇਆ ਕਿ ਹਸਪਤਾਲ ਦੀ ਲਾਪਰਵਾਹੀ ਕਰਕੇ ਲਾਸ਼ ਦੀ ਹਾਲਤ ਖਰਾਬ ਹੋਈ ਹੈ, ਜਿਸ ਕਾਰਨ ਜ਼ਿੰਮੇਵਾਰਾਂ 'ਤੇ ਕਾਰਵਾਈ ਕੀਤੀ ਜਾਵੇ।

ਜਾਣਕਾਰੀ ਅਨੁਸਾਰ ਬੀਤੇ ਦਿਨ ਇਕ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ ਥਾਣਾ ਸਿਟੀ ਪੱਟੀ ਦੀ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪੱਟੀ ਦੇ ਮੁਰਦਾਘਰ 'ਚ ਰਖਵਾ ਦਿੱਤਾ। ਵੀਰਵਾਰ ਨੂੰ ਪਰਿਵਾਰਕ ਮੈਂਬਰ ਪੋਸਟਮਾਟਮ ਕਰਵਾਉਣ ਲਈ ਹਸਪਤਾਲ ਪੁੱਜੇ। ਜਦੋਂ ਕੈਂਡੀ ਅੰਦਰ ਪਈ ਲਾਸ਼ ਨੂੰ ਬਾਹਰ ਕੱਿਢਆ ਗਿਆ ਤਾਂ ਉਹ ਬੁਰੀ ਤਰਾਂ੍ਹ ਖਰਾਬ ਹੋ ਚੁੱਕੀ ਸੀ।

ਹਾਲਾਂਕਿ ਮੌਕੇ 'ਤੇ ਦੇਖਿਆ ਤਾਂ ਕੈਂਡੀ ਚੱਲ ਰਹੀ ਸੀ ਪਰ ਉਸਦੇ ਅੰਦਰ ਠੰਢਕ ਨਾ ਹੋਣ ਕਰ ਕੇ ਲਾਸ਼ ਦੀ ਹਾਲਤ ਵਿਗੜੀ ਹੋਈ ਸੀ। ਲਾਸ਼ ਦੀ ਹਾਲਤ ਵੇਖਦਿਆਂ ਹੀ ਮਿ੍ਤਕ ਦੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੇ ਹਸਪਤਾਲ ਦੇ ਅਧਿਕਾਰੀਆਂ ਖ਼ਿਲਾਫ ਰੋਸ ਪ੍ਰਗਟਾਉਂਦਿਆਂ ਨਾਅਰੇਬਾਜ਼ੀ ਕੀਤੀ ਤੇ ਦੋਸ਼ ਲਾਇਆ ਕਿ ਹਸਪਤਾਲ ਦੇ ਪ੍ਰਬੰਧਾਂ 'ਚ ਲਾਪ੍ਰਵਾਹੀ ਦੇ ਕਾਰਨ ਹੀ ਲਾਸ਼ ਖਰਾਬ ਹੋ ਗਈ ਹੈ। ਜਦਕਿ ਸਿਹਤ ਅਧਿਕਾਰੀ ਦਾ ਕਹਿਣਾ ਸੀ ਕਿ ਕੈਂਡੀ ਚਾਲੂ ਹਾਲਤ ਵਿਚ ਹੈ ਤੇ ਅੰਦਰ ਠੰਢਕ ਨਹੀਂ ਹੋ ਰਹੀ ਇਸ ਬਾਰੇ ਪਤਾ ਅੱਜ ਕੈਂਡੀ 'ਚੋਂ ਲਾਸ਼ ਕੱਢਣ ਸਮੇਂ ਹੀ ਪਤਾ ਲੱਗਾ ਹੈ। ਮਿ੍ਤਕ ਗੁਰਪ੍ਰਰੀਤ ਸਿੰਘ (35) ਪੁੱਤਰ ਮਹਿੰਦਰ ਸਿੰਘ ਵਾਸੀ ਵਾਰਡ-6 ਪੱਟੀ ਦੀ ਪਤਨੀ ਸ਼ਿਵਾਨੀ ਨੇ ਦੱਸਿਆ ਕਿ ਉਹ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾ ਦੇ ਪਿੰਡ ਨਾਰੀ (ਚਿੰਤਪੁਰਨੀ) ਵਿਖੇ ਰਹਿੰਦੇ ਹਨ। ਜਦਕਿ ਗੁਰਪ੍ਰਰੀਤ ਸਿੰਘ ਦੇ ਮਾਤਾ ਪਿਤਾ ਪੱਟੀ ਵਿਖੇ ਰਹਿੰਦੇ ਹਨ। ਚਾਰ ਦਿਨ ਪਹਿਲਾਂ ਗੁਰਪ੍ਰਰੀਤ ਸਿੰਘ ਹਿਮਾਚਲ ਤੋਂ ਪੱਟੀ ਆਇਆ ਸੀ ਤੇ ਮੰਗਲਵਾਰ ਨੂੰ ਉਸਦੀ ਮੌਤ ਹੋ ਗਈ। ਜਿਸ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਗਈ ਤਾਂ ਪੁਲਿਸ ਨੇ ਲਾਸ਼ ਨੂੰ ਹਸਪਤਾਲ ਵਿਖੇ ਪੋਸਟਮਾਰਟਮ ਲਈ ਕੈਂਡੀ ਵਿਚ ਰਖਵਾ ਦਿੱਤਾ।

ਬੁੱਧਵਾਰ ਨੂੰ ਪੋਸਟਮਾਰਟਮ ਨਹੀਂ ਹੋਇਆ ਤੇ ਅੱਜ ਵੀਰਵਾਰ ਨੂੰ ਜਦੋਂ ਉਹ ਹਸਪਤਾਲ ਆਏ ਤਾਂ ਦੇਖਿਆ ਕਿ ਲਾਸ਼ ਬੁਰੀ ਤਰਾਂ੍ਹ ਖਰਾਬ ਹੋ ਚੁੱਕੀ ਸੀ ਤੇ ਬਦਬੂ ਮਾਰ ਰਹੀ ਸੀ। ਇਸ ਮੌਕੇ ਮਿ੍ਤਕ ਦੇ ਰਿਸ਼ਤੇਦਾਰਾਂ ਮਨਜੀਤ ਕੌਰ, ਗੁਰਭੇਜ ਸਿੰਘ ਸੋਨੂੰ, ਮਾਤਾ ਜਗਰੀਤ ਕੌਰ, ਸੁਮਿਤ, ਲਕਸ਼ ਨੇ ਕਿਹਾ ਕਿ ਜਦੋਂ ਹਸਪਤਾਲ ਆਏ ਤਾਂ ਦੇਖਿਆ ਕਿ ਕੈਂਡੀ ਅੰਦਰ ਠੰਢਕ ਨਹੀਂ ਸੀ। ਇੰਨਾ ਹੀ ਨਹੀਂ, ਇੱਥੇ ਤਾਇਨਾਤ ਇਕ ਵਿਅਕਤੀ ਨੇ ਪੋਸਟਮਾਰਟਮ ਕਰਨ ਲਈ ਉਨਾਂ੍ਹ ਕੋਲੋਂ ਕਥਿਤ ਤੌਰ 'ਤੇ ਇਕ ਹਜ਼ਾਰ ਰੁਪਏ ਮੰਗੇ ਗਏ ਹਨ। ਉਨਾਂ੍ਹ ਕਿਹਾ ਕਿ ਜਿਸ ਡਾਕਟਰ ਦੀ ਡਿਊਟੀ ਸੀ ਉਸ ਨੇ ਵੀ ਕੈਂਡੀ ਨੂੰ ਚੈੱਕ ਨਹੀਂ ਕੀਤਾ ਤੇ ਪੁਲਿਸ ਵੱਲੋਂ ਵੀ ਪੋਸਟਮਾਰਟਮ ਲਈ ਅੱਜ ਤੀਸਰੇ ਦਿਨ ਕਾਗਜ਼ ਹਸਪਤਾਲ ਭੇਜੇ ਗਏ ਹਨ। ਇਸ ਮੌਕੇ ਪਿੰ੍ਸ, ਅਭੀ, ਰਾਣਾ, ਭੋਲਾ, ਵਿਸ਼ਾਲ, ਭੇਜਾ, ਮਨੀ, ਅਮਰਜੀਤ ਸਿੰਘ, ਰੋਸ਼ਨ ਲਾਲ ਆਦਿ ਸਮੇਤ ਹੋਰ ਲੋਕ ਵੀ ਹਾਜ਼ਰ ਸਨ।

-ਬਾਕਸ-

-ਜਿਸਦੀ ਅਣਗਹਿਲੀ ਮਿਲੀ, ਉਸ 'ਤੇ ਹੋਵੇਗੀ ਕਾਰਵਾਈ : ਮੈਡੀਕਲ ਅਫ਼ਸਰ

ਮੈਡੀਕਲ ਅਫ਼ਸਰ ਡਾ. ਅਸ਼ੀਸ਼ ਗੁਪਤਾ ਨੇ ਕਿਹਾ ਕਿ ਐੱਸਐੱਮਓ ਛੁੱਟੀ 'ਤੇ ਹਨ ਤੇ ਉਨਾਂ੍ਹ ਨੂੰ ਹੁਣ ਹੀ ਪਤਾ ਲੱਗਾ ਹੈ ਕਿ ਬਾਹਰ ਪਰਿਵਾਰ ਵਾਲੇ ਹੰਗਾਮਾ ਕਰ ਰਹੇ ਹਨ। ਉਨਾਂ੍ਹ ਦੱਸਿਆ ਕਿ ਮੰਗਲਵਾਰ ਨੂੰ ਗੁਰਪ੍ਰਰੀਤ ਸਿੰਘ ਦੀ ਲਾਸ਼ ਹਸਪਤਾਲ 'ਚ ਰੱਖੀ ਗਈ ਸੀ। ਅੱਜ ਵੀਰਵਾਰ ਨੂੰ ਪੁਲਿਸ ਵੱਲੋਂ ਕਾਗਜ ਦਿੱਤੇ ਗਏ ਹਨ। ਉਨਾਂ੍ਹ ਕਿਹਾ ਕਿ ਕੈਂਡੀ ਚੱਲ ਰਹੀ ਹੈ ਜਿਸ ਕਾਰਨ ਅੰਦਰ ਠੰਢਕ ਹੈ ਜਾਂ ਨਹੀਂ ਇਸਦਾ ਪਤਾ ਨਹੀਂ ਚੱਲ ਸਕਿਆ। ਉਨਾਂ੍ਹ ਕਿਹਾ ਕਿ ਇਸ ਮਾਮਲੇ ਵਿਚ ਜਿਸ ਦੀ ਅਣਗਹਿਲੀ ਪਾਈ ਗਈ ਉਸ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।

-ਬਾਕਸ-

-ਪਰਿਵਾਰ ਨੇ ਨਹੀਂ ਦਿੱਤੇ ਸਨ ਪਹਿਲਾਂ ਬਿਆਨ : ਪੁਲਿਸ

ਇਸ ਮੌਕੇ ਥਾਣਾ ਸਿਟੀ ਪੱਟੀ ਦੇ ਐੱਸਆਈ ਹਰਦਿਆਲ ਸਿੰਘ ਨੇ ਦੱਸਿਆ ਕਿ ਗੁਰਪ੍ਰਰੀਤ ਸਿੰਘ ਦੀ ਮੌਤ ਤੋਂ ਬਾਅਦ ਪੁਲਿਸ ਨੂੰ ਕਿਸੇ ਨੇ ਬਿਆਨ ਨਹੀਂ ਦਿੱਤੇ ਸਨ। ਉਨਾਂ੍ਹ ਦੱਸਿਆ ਕਿ ਮਿ੍ਤਕ ਦੀ ਮਾਤਾ ਸ਼ੁਭਦੀਪ ਕੌਰ ਜੋ ਕਿ ਚਿੰਤਪੁਰਨੀ ਗਈ ਹੋਈ ਸੀ, ਨੇ ਅੱਜ ਹੀ ਬਿਆਨ ਦਰਜ ਕਰਵਾਏ ਹਨ, ਜਿਸ 'ਤੇ ਕਾਰਵਾਈ ਕਰ ਕੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।