ਤਰਨਤਾਰਨ : ਪਿੰਡ ਬਾਕੀਪੁਰ ਦੇ ਬੱਸ ਅੱਡੇ ਨੇੜੇ ਰਾਤ ਨੂੰ ਦੋ ਧੜਿਆਂ ਵਿਚਾਲੇ ਗੈਂਗਵਾਰ ਹੋਈ। ਇਸ ਦੌਰਾਨ 25 ਸਾਲ ਦੇ ਨੌਜਵਾਨ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਲਾਸ਼ ਚੁੱਕ ਕੇ ਉਸ ਦੇ ਸਾਥੀ ਭੱਜ ਗਏ। ਬਾਅਦ ਵਿਚ ਸੂਚਨਾ ਮਿਲਣ 'ਤੇ ਪੁਲਿਸ ਨੇ ਜਾ ਕੇ ਲਾਸ਼ ਕਬਜ਼ੇ ਵਿਚ ਲੈ ਲਈ ਹੈ।

ਮਾਮਲਾ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਪਿੰਡ ਬਾਕੀਪੁਰ ਦਾ ਹੈ। ਕੁਝ ਦਿਨ ਪਹਿਲਾਂ ਦੋ ਧੜਿਆਂ ਵਿਚਾਲੇ ਆਪਸੀ ਵਿਵਾਦ ਹੋਈ ਸੀ ਜਿਸ ਤੋਂ ਬਾਅਦ ਦੋਵਾਂ ਧੜਿਆਂ ਨੇ ਇਕ-ਦੂਸਰੇ ਨੂੰ ਦੇਖਣ ਲਈ ਸਮਾਂ ਤੈਅ ਕੀਤਾ। ਤੈਅ ਕੀਤੇ ਸਮੇਂ 'ਤੇ ਦੋਵੇਂ ਧੜੇ ਅਸਲੇ ਨਾਲ ਲੈਸ ਹੋ ਕੇ ਰਾਤ ਨੂੰ ਪਿੰਡ ਦੇ ਬੱਸ ਅੱਡੇ 'ਤੇ ਪਹੁੰਚ ਗਏ। ਧੜਿਆਂ ਵਿਚਾਲੇ ਅੱਧਾ ਘੰਟਾ ਗਾਲੀ-ਗਲੌਜ ਹੋਇਆ। ਫਿਰ ਗੋਲੀਆਂ ਚੱਲਣ ਲੱਗੀਆਂ ਜਿਸ ਕਾਰਨ ਇਕ ਗੋਲੀ ਹਰਪ੍ਰੀਤ ਸਿੰਘ ਹੈੱਪੀ ਪੁੱਤਰ ਝਿਰਮਿਲ ਸਿੰਘ ਨਿਵਾਸੀ ਪਿੰਡ ਨੂਰਦੀ ਨੂੰ ਲੱਗੀ। ਗੋਲੀਆਂ ਚੱਲਾਂ ਨਾਲ ਲੋਕ ਪੂਰੀ ਤਰ੍ਹਾਂ ਕੰਬ ਉੱਠੇ।

ਹੈੱਪੀ ਦੀ ਮੌਤ ਤੋਂ ਬਾਅਦ ਉਸ ਦੀ ਲਾਸ਼ ਉਸ ਦੇ ਕੁਝ ਸਾਥੀ ਉਠਾ ਕੇ ਲੈ ਗਏ। ਬਾਅਦ ਵਿਚ ਪੁਲਿਸ ਨੂੰ ਮਾਮਲੇ ਦੀ ਜਾਣਕਾਰੀ ਮਿਲੀ ਤਾਂ ਪੁਲਿਸ ਨੇ ਮ੍ਰਿਤਕ ਹੈੱਪੀ ਦੀ ਲਾਸ਼ ਬਰਾਮਦ ਕਰ ਲਈ। ਦੇਰ ਰਾਤ ਸਿਵਲ ਹਸਪਤਾਲ ਵਿਚ ਇਕ ਹੋਰ ਨੌਜਵਾਨ ਮਨਪ੍ਰੀਤ ਸਿੰਘ ਨੂੰ ਲਿਆਂਦਾ ਗਿਆ। ਸੂਤਰਾਂ ਦੀ ਮੰਨੀਏ ਤਾਂ ਖਾਲਸਾ ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਕੁਝ ਦਿਨਾਂ ਤੋਂ ਦੋ ਧੜੇ ਆਹਮੋ-ਸਾਹਮਣੇ ਹੋ ਰਹੇ ਸਨ ਅਤੇ ਇਨ੍ਹਾਂ ਵਿਚਾਲੇ ਹੀ ਗੈਂਗਵਾਰ ਹੋਈ ਹੈ। ਐੱਸਐੱਸਪੀ ਦਰਸ਼ਨ ਸਿੰਘ ਮਾਨ ਦਾ ਕਹਿਣਾ ਹੈ ਕਿ ਪਤਾ ਲਗਾਇਆ ਜਾ ਰਿਹਾ ਹੈ ਕਿ ਹਰਪ੍ਰੀਤ ਸਿੰਘ ਉਰਫ਼ ਹੈੱਪੀ ਨੂੰ ਗੋਲੀ ਮਾਰਨ ਵਾਲੇ ਕੌਣ ਲੋਕ ਸਨ।

Posted By: Seema Anand