ਕਿਰਪਾਲ ਸਿੰਘ ਰੰਧਾਵਾ, ਹਰੀਕੇ ਪੱਤਣ

2 ਅਕਤੂਬਰ ਨੂੰ ਜਿਥੇ ਸਾਰਾ ਦੇਸ਼ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਜਨਮ ਦਿਵਸ ਦੇ ਜਸ਼ਨਾਂ 'ਚ ਰੁੱਝਾ ਰਿਹਾ, ਉਥੇ ਹੀ ਹਰੀਕੇ ਪੱਤਣ ਵਿਖੇ ਸ਼ਰਾਬ ਕਾਰੋਬਾਰੀਆਂ ਦੀ ਚਾਂਦੀ ਵੇਖਣ ਨੂੰ ਮਿਲੀ। ਹਾਲਾਕਿ ਪੰਜਾਬ ਸਰਕਾਰ ਵੱਲੋਂ ਪੂਰਾ ਦਿਨ ਡਰਾਈ ਡੇ ਵਜੋਂ ਰੱਖੇ ਜਾਣ ਦੀਆਂ ਹਦਾਇਤਾਂ ਜਾਰੀ ਕਰਕੇ ਆਬਕਾਰੀ ਵਿਭਾਗ ਦੇ ਜ਼ਿਲ੍ਹਾ ਅਧਿਕਾਰੀਆਂ ਨੂੰ ਨੋਡਲ ਅਫ਼ਸਰ ਵਜੋ ਹੁਕਮਾਂ ਨੂੰ ਇੰਨ ਬਿੰਨ ਲਾਗੂ ਕਰਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ। ਸ਼ਹੀਦ ਭਗਤ ਸਿੰਘ ਨੂੰ ਮਾਰਗਦਰਸ਼ਕ ਮੰਨਣ ਵਾਲੀ ਸਰਕਾਰ ਦੇ ਰਾਜ ਵਿਚ ਇਹ ਪਹਿਲਾ ਮਾਮਲਾ ਨਹੀਂ ਜਿਥੇ ਸਰਕਾਰੀ ਬਾਬੂਆਂ ਦੀ ਕਥਿਤ ਮਿਲੀਭੁਗਤ ਨਾਲ ਸ਼ਰਾਬ ਨੂੰ ਘਰ ਘਰ ਪਹੁੰਚਾਉਣ ਲਈ ਸਿਰ ਤੋੜ ਯਤਨ ਕੀਤੇ ਹੋਣ। ਇਸ ਤੋਂ ਪਹਿਲਾਂ ਵੀ ਜ਼ਿਲ੍ਹੇ ਦੇ ਕਈ ਹਿੱਸਿਆਂ 'ਚ ਸ਼ਰਾਬ ਦੀ ਵਿਕਰੀ ਦਾ ਗ੍ਰਾਫ ਉੱਚਾ ਕਰਨ ਲਈ ਸਰਕਾਰੀ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾਣਾ ਆਮ ਵਰਤਾਰਾ ਰਿਹਾ।

ਗੱਲ ਕਰੀਏ ਕਸਬਾ ਹਰੀਕੇ ਪੱਤਣ ਦੀ ਜਿਥੇ 2 ਅਕਤੂਬਰ ਨੂੰ ਵੀ ਰੋਜ਼ਾਨਾ ਦੀ ਤਰਾਂ ਸ਼ਰਾਬ ਦੇ ਠੇਕੇ ਖੁੱਲੇ ਰਹੇ ਤੇ ਸ਼ਰੇਆਮ ਦੇਰ ਰਾਤ ਤਕ ਦਾਰੂ ਦੀ ਵਿੱਕਰੀ ਕੀਤੀ ਗਈ। ਇਸ ਸਬੰਧੀ ਸੰਪਰਕ ਕਰਨ 'ਤੇ ਆਬਕਾਰੀ ਵਿਭਾਗ ਦੇ ਈਟੀਓ ਨਵਜੋਤ ਭਾਰਤੀ ਨਾਲ ਗੱਲ ਕੀਤੀ ਤਾਂ ਉਨਾਂ੍ਹ ਕਿਹਾ ਕਿ ਮਾਮਲਾ ਮੇਰੇ ਧਿਆਨ ਵਿਚ ਨਹੀਂ ਫਿਰ ਵੀ ਐਕਸ਼ਾਇਜ ਇੰਸਪੈਕਟਰ ਤੋਂ ਪੂਰੀ ਰਿਪੋਰਟ ਲੈ ਕੈ ਅਗਲੇਰੀ ਕਾਰਵਾਈ ਨੂੰ ਅਮਲ 'ਚ ਲਿਆਉਣਗੇ।