ਗੁਰਬਰਿੰਦਰ ਸਿੰਘ, ਸ੍ਰੀ ਗੋਇੰਦਵਾਲ ਸਾਹਿਬ

ਇੱਥੋਂ ਦੀ ਆਧੁਨਿਕ ਜੇਲ੍ਹ ਵਿਚੋਂ ਲਗਾਤਾਰ ਮੋਬਾਈਲ ਫ਼ੋਨਾਂ ਦੀ ਹੋ ਰਹੀ ਬਰਾਮਦਗੀ ਕਾਰਨ ਇਸ ਜੇਲ੍ਹ ਨੂੰ ਮੋਬਾਈਲ ਫ਼ੋਨਾਂ ਦੀ ਖਾਣ ਕਹਿਣਾ ਅਤਿਕਥਨੀ ਨਹੀਂ ਹੋਵੇਗਾ। ਇੰਨਾ ਹੀ ਨਹੀਂ ਸੰਘੀਨ ਅਪਰਾਧਾਂ ਹੇਠ ਬੰਦ ਮੁਲਜ਼ਮਾਂ ਕੋਲੋਂ ਵੀ ਫ਼ੋਨ ਮਿਲਣਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਤਾਜ਼ਾ ਮਾਮਲੇ 'ਚ ਚਾਰ ਮੋਬਾਈਲ ਫੋ.ਨ ਬਰਾਮਦ ਕਰ ਕੇ ਜੇਲ੍ਹ ਪ੍ਰਸ਼ਾਸਨ ਨੇ ਛੇ ਲੋਕਾਂ ਵਿਰੁੱਧ ਕੇਸ ਦਰਜ ਕਰਵਾਇਆ ਹੈ।

ਹਾਲਾਂਕਿ ਜੇਲ੍ਹ ਪ੍ਰਸ਼ਾਸਨ ਦੀ ਮੰਨੀਏ ਤਾਂ ਅਪਰਾਧੀ ਤਰਾਂ੍ਹ-ਤਰਾਂ੍ਹ ਦੇ ਢੰਗ ਤਰੀਕੇ ਅਪਣਾ ਕੇ ਜੇਲ੍ਹ 'ਚ ਮੋਬਾਈਲ ਮੰਗਵਾ ਰਹੇ ਹਨ। ਜਦੋਂਕਿ ਸੈਂਕੜੇ ਅਪਰਾਧੀਆਂ ਦੀ ਨਿਗਰਾਨੀ ਲਈ ਲਗਾਇਆ ਸਟਾਫ਼ ਵੀ ਨਾਮਾਤਰ ਹੈ।

ਜੇਲ੍ਹ ਪ੍ਰਸ਼ਾਸਨ ਵੱਲੋਂ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਦਿੱਤੀ ਸ਼ਿਕਾਇਤ ਮੁਤਾਬਿਕ ਨਿਤਨ ਪੁੱਤਰ ਨੰਦ ਕਿਸ਼ੋਰ ਵਾਸੀ ਕੋਟ ਖਾਲਸਾ ਅੰਮਿ੍ਤਸਰ ਜੋ ਕਤਲ ਦੇ ਮਾਮਲੇ ਵਿਚ ਇਥੇ ਬੰਦ ਹੈ ਤੇ ਜੁਝਾਰ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਘੱਲੂਪੁਰ ਲੇਕ ਛੇਹਰਟਾ ਜੋ ਇਰਾਦਾ ਕਤਲ ਦੇ ਮਾਮਲੇ ਵਿਚ ਬੰਦ ਹੈ ਕੋਲੋਂ ਸੈਮਸੰਗ ਕੰਪਨੀ ਦਾ ਸਮਾਰਟ ਫੋ.ਨ ਬਰਾਮਦ ਹੋਇਆ ਹੈ।

ਇਸੇ ਤਰਾਂ੍ਹ ਹੀ ਐੱਨਡੀਪੀਐੱਸ ਦੇ ਮਾਮਲੇ ਵਿਚ ਬੰਦ ਗੁਰਚੇਤ ਸਿੰਘ ਚੇਤੀ ਪੁੱਤਰ ਗਿਆਨ ਸਿੰਘ ਵਾਸੀ ਬੰਗਲਾ ਰਾਏ ਪੱਟੀ ਅਤੇ ਕਤਲ ਦੇ ਮਾਮਲੇ ਵਿਚ ਬੰਦ ਵਰਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਰੂੜ੍ਹੀਵਾਲਾ ਕੋਲੋਂ ਰੈੱਡਮੀ ਕੰਪਨੀ ਦਾ ਮੋਬਾਈਲ ਫੋਨ ਬਰਾਮਦ ਕੀਤਾ ਗਿਆ ਹੈ।

ਅਕਾਸ਼ਦੀਪ ਸਿੰਘ ਰੂਪ ਪੁੱਤਰ ਸੁਖਵਿੰਦਰ ਸਿੰਘ ਵਾਸੀ ਕਿਰਤੋਵਾਲ ਹਰੀਕੇ ਜੋ ਜਬਰ ਜਨਾਂਹ ਦੇ ਮਾਮਲੇ ਵਿਚ ਬੰਦ ਹੈ ਕੋਲੋਂ ਨੋਕੀਆ ਕੰਪਨੀ ਦਾ ਕੀਪੈਡ ਮੋਬਾਈਲ ਫੋਨ ਅਤੇ ਰਵਿੰਦਰ ਸਿੰਘ ਪੁੱਤਰ ਚੈਂਚਲ ਸਿੰਘ ਵਾਸੀ ਸਰਾਏ ਅਮਾਨਤ ਖਾਂ ਜੋ ਜੇਰੇ ਧਾਰਾ 304 ਆਈਪੀਸੀ ਦੇ ਤਹਿਤ ਬੰਦ ਹੈ ਕੋਲੋਂ ਸੈਮਸੰਗ ਕੰਪਨੀ ਦਾ ਦੋ ਸਿੰਮਾਂ ਵਾਲਾ ਕੀਪੈਡ ਮੋਬਾਈਲ ਫੋਨ ਬਰਾਮਦ ਹੋਇਆ ਹੈ। ਜੇਲ੍ਹ ਦੇ ਸਹਾਇਕ ਸੁਪਰਡੈਂਟ ਮਨਜੀਤ ਸਿੰਘ ਨੇ ਦੱਸਿਆ ਕਿ ਇਹ ਬਰਾਮਦਗੀ ਜੇਲ੍ਹ ਦੀ ਬੈਰਕ ਨੰਬਰ 9/10 'ਚ ਕੀਤੀ ਗਈ ਤਲਾਸ਼ੀ ਦੌਰਾਨ ਹੋਈ ਹੈ। ਜੇਲ੍ਹ 'ਚ ਮੋਬਾਈਲ ਫੋਨ ਆਉਣ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ 'ਚ ਉਨਾਂ੍ਹ ਕਿਹਾ ਕਿ ਅਪਰਾਧੀ ਇਸ ਲਈ ਵੱਖ-ਵੱਖ ਤਰੀਕੇ ਅਪਣਾਉਂਦੇ ਹਨ। ਜ਼ਿਆਦਾਤਰ ਮੋਬਾਈਲ ਫੋਨ ਬਾਹਰੋਂ ਸੁੱਟ ਕੇ ਅੰਦਰ ਭੇਜੇ ਜਾਂਦੇ ਹਨ।

ਹਾਲਾਂਕਿ ਜੇਲ੍ਹ 'ਚ ਸਟਾਫ਼ ਬੰਦੀਆਂ ਦੇ ਮੁਕਾਬਲੇ ਘੱਟ ਹੈ ਪਰ ਪੂਰੀ ਮੁਸਤੈਦੀ ਨਾਲ ਜੇਲ੍ਹ 'ਚ ਪਾਬੰਦੀਸ਼ੁਦਾ ਵਸਤਾਂ ਨੂੰ ਬਰਾਮਦ ਕੀਤਾ ਜਾਂਦਾ ਹੈ।

ਦੂਜੇ ਪਾਸੇ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੇ ਜਾਂਚ ਅਧਿਕਾਰੀ ਏਐੱਸਆਈ ਪੇ੍ਮ ਸਿੰਘ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਜਾਰੀ ਹੋਏ ਪੱਤਰ ਦੇ ਆਧਾਰ 'ਤੇ ਮੋਬਾਈਲ ਫ਼ੋਨ ਕਬਜ਼ੇ 'ਚ ਲੈ ਕੇ ਨਿਤਿਨ, ਜੁਝਾਰ ਸਿੰਘ, ਗੁਰਚੇਤ ਸਿੰਘ ਚੇਤੀ, ਵਰਿੰਦਰ ਸਿੰਘ. ਅਕਾਸ਼ਦੀਪ ਸਿੰਘ ਅਤੇ ਰਵਿੰਦਰ ਸਿੰਘ ਨੂੰ ਨਾਮਜ਼ਦ ਕਰ ਲਿਆ ਗਿਆ ਹੈ। ਜਦੋਂਕਿ ਮਾਮਲੇ ਦੀ ਅਗਲੀ ਜਾਂਚ ਕੀਤੀ ਜਾ ਰਹੀ ਹੈ।