ਤੇਜਿੰਦਰ ਸਿੰਘ ਬੱਬੂ, ਸਰਾਏ ਅਮਾਨਤ ਖਾਂ: ਇਕ ਵਿਅਕਤੀ ਨੂੰ ਗੱਡੀ ਰੋਕ ਕੇ ਪਿਸ਼ਾਬ ਕਰਨਾ ਮਹਿੰਗਾ ਪੈ ਗਿਆ। ਜਾਣਕਾਰੀ ਅਨੁਸਾਰ ਪਿੰਡ ਮੀਆਂਪੁਰ ਨੇੜਿਓਂ ਦੋ ਮੋਟਰਸਾਈਕਲਾਂ ’ਤੇ ਸਵਾਰ ਚਾਰ ਲੁਟੇਰੇ ਪਤੀ ਪਤਨੀ ਕੋਲੋਂ ਫਾਰਚੂਨਰ ਗੱਡੀ, ਸੋਨੇ ਦੇ ਗਹਿਣੇ ਅਤੇ ਨਕਦੀ ਖੋਹ ਕੇ ਫਰਾਰ ਹੋ ਗਏ। ਲੁੱਟ ਖੋਹ ਨੂੰ ਲੈ ਕੇ ਪੰਜ ਥਾਣਿਆਂ ਦੀ ਪੁਲਿਸ ਸਾਂਝੇ ਤੌਰ ’ਤੇ ਕਾਰਵਾਈ ਲਈ ਜੁਟ ਗਈ ਹੈ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਰਛਪਾਲ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਜੇਠੂਵਾਲ ਨੇ ਦੱਸਿਆ ਕਿ ਉਹ ਪਤਨੀ ਸੁਖਵਿੰਦਰ ਕੌਰ ਸਮੇਤ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਵਿਖੇ ਮੱਥਾ ਟੇਕਣ ਆ ਰਹੇ ਸੀ। ਜਦੋਂ ਉਹ ਪਿੰਡ ਮੀਆਂਪੁਰ ਲਾਗੇ ਪਹੁੰਚੇ ਤਾਂ ਉਹ ਪਿਸ਼ਾਬ ਕਰਨ ਲਈ ਗੱਡੀ ਤੋਂ ਹੇਠਾਂ ਉਤਰਿਆ ਤਾਂ ਪਿਛੋਂ ਆਏ ਦੋ ਮੋਟਰਸਾਈਕਲਾਂ ’ਤੇ ਚਾਰ ਸਵਾਰ ਲੁਟੇਰੇ ਜਿੰਨ੍ਹਾਂ ਨੇ ਆਪਣੇ ਮੂੰਹ ਕਪੜੇ ਨਾਲ ਢੱਕੇ ਹੋਏ ਸੀ। ਗੱਡੀ ਲਾਗੇ ਆ ਕੇ ਰੁਕੇ ਤੇੇ ਪਿਸਤੌਲ ਨਾਲ ਫਾਇਰ ਕਰਨ ਲੱਗ ਪਏ।

ਜਦੋਂ ਉਹ ਫਾਇਰ ਦੀ ਅਵਾਜ਼ ਸੁਣ ਕੇ ਗੱਡੀ ਵੱਲ ਭੱਜਾ ਤਾਂ ਲੁਟੇਰੇ ਗੱਡੀ ਵਿਚ ਬੈਠੀ ਉਸਦੀ ਪਤਨੀ ਕੋਲੋਂ ਸੋਨੇ ਦੇ ਗਹਿਣੇ ਅਤੇ 25 ਹਜ਼ਾਰ ਦੀ ਨਕਦੀ ਖੋਹ ਕੇ ਗੱਡੀ ਸਮੇਤ ਫਰਾਰ ਹੋ ਗਏ। ਘਟਨਾ ਦਾ ਪਤਾ ਚੱਲਦਿਆਂ ਹੀ ਥਾਣਾ ਸਰਾਏ ਅਮਾਨਤ ਖਾਂ, ਝਬਾਲ, ਘਰਿੰਡਾ, ਥਾਣਾ ਖਾਲੜਾ ਤੇ ਥਾਣਾ ਭਿੱਖੀਵਿੰਡ ਦੇ ਮੁਖੀ ਪੁਲਿਸ ਪਾਰਟੀ ਨਾਲ ਵੱਖ ਵੱਖ ਪਹਿਲੂਆਂ ਤੋਂ ਜਾਂਚ ਵਿਚ ਜੁੱਟ ਗਏ। ਥਾਣਾ ਸਰਾਏ ਅਮਾਨਤ ਖਾਂ ਦੇ ਮੁਖੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਵੱਖ ਵੱਖ ਥਾਵਾਂ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਮਦਦ ਲਈ ਜਾ ਰਹੀ ਹੈ ਤੇ ਜਲਦੀ ਹੀ ਲੁਟੇਰੇ ਪੁਲਿਸ ਦੀ ਪਕੜ ’ਚ ਹੋਣਗੇ।

Posted By: Jagjit Singh