ਪ੍ਰਤਾਪ ਸਿੰਘ/ਕਿਰਪਾਲ ਰੰਧਾਵਾ, ਤਰਨਤਾਰਨ/ਹਰੀਕੇ ਪੱਤਣ : ਪਿੰਡ ਬੂਹ ਹਵੇਲੀਆਂ ਵਿਖੇ ਨਸ਼ਾ ਛੁਡਾਊ ਸੈਂਟਰ 'ਚ ਦਾਖਲ ਹੋ ਕੇ ਇਕ ਦਰਜਨ ਲੋਕਾਂ ਵੱਲੋਂ ਜਾਨਲੇਵਾ ਹਮਲਾ ਕਰਨ ਦੀ ਘਟਨਾ ਸਾਹਮਣੇ ਆਈ ਹੈ। ਘਟਨਾ ਉਪਰੰਤ ਥਾਣਾ ਹਰੀਕੇ ਦੀ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਜਾਨਲੇਵਾ ਹਮਲਾ ਕਰਨ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।

ਕੰਵਲਪ੍ਰੀਤ ਸਿੰਘ ਪੁੱਤਰ ਗੁਰਬਖਸ਼ ਸਿੰਘ ਵਾਸੀ ਪ੍ਰਿੰਗੜੀ ਨੇ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ 'ਚ ਦੱਸਿਆ ਕਿ ਉਹ ਪਿੰਡ ਤੋਂ ਬਾਹਰ ਬਹਿਕ 'ਤੇ 'ਸੇਫ ਲਾਈਫ ਡਰੱਗ ਕੌਂਸਲਿੰਗ ਐਂਡ ਰੀ-ਹੈਬਲੀਟੇਸ਼ਨ ਸੈਂਟਰ (ਨਸ਼ਾ ਛੁਡਾਊ ਸੈਂਟਰ) ਕਿਰਾਏ ਤੇ 'ਲੈ ਕੇ ਚਲਾ ਰਿਹਾ ਹੈ ਜਿਸ ਦਾ ਰਜਿਸਟ੍ਰੇਸ਼ਨ ਨੰਬਰ 2017 ਤੋਂ 14 ਦਸੰਬਰ 2020 ਤਕ ਉਸ ਕੋਲ ਹੈ। ਉਕਤ ਸੈਂਟਰ ਵਿਚ ਇਕ ਸਾਲ ਪਹਿਲਾਂ ਭੁਪਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਜੰਡ ਨੇ ਕੌਂਸਲਿੰਗ ਲਈ ਸੀ। ਕੁਝ ਦਿਨ ਪਹਿਲਾਂ ਉਹ ਸੈਂਟਰ ਆਇਆ ਤੇ ਗੇਟ ਕੀਪਰ ਜਸਵਿੰਦਰ ਸਿੰਘ ਪੁੱਤਰ ਸੁਖਚੈਨ ਸਿੰਘ ਵਾਸੀ ਸਾਰੰਗੜਾ ਲੋਪੋਕੇ ਨਾਲ ਝਗੜਾ ਕਰਨ ਲੱਗ ਪਿਆ। ਬਾਅਦ 'ਚ ਉੱਥੋ ਚਲਾ ਗਿਆ।

ਲੰਘੇ ਦਿਨ ਦੁਪਹਿਰ 12.30 ਵਜੇ ਭੁਪਿੰਦਰ ਸਿੰਘ ਆਪਣੇ ਨਾਲ ਬਲਜਿੰਦਰ ਸਿੰਘ ਉਰਫ ਘੱਪਾ ਵਾਸੀ ਵਲਟੋਹਾ ਅਤੇ ਦਸ ਅਣਪਛਾਤੇ ਵਿਅਕਤੀ ਲੈ ਕੇ ਸੈਂਟਰ ਆਇਆ ਗਿਆ। ਆਉਂਦਿਆਂ ਹੀ ਭੁਪਿੰਦਰ ਸਿੰਘ ਗੇਟ ਕੀਪਰ ਬਾਰੇ ਪੁੱਛਣ ਲੱਗ ਪਿਆ। ਗੱਲਬਾਤ ਕਰਨ ਦੌਰਾਨ ਬਲਜਿੰਦਰ ਘੱਪਾ ਨੇ 12 ਬੋਰ ਦੀ ਰਾਈਫਲ ਨਾਲ ਫਾਇਰ ਕਰਨੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਭੱਜ ਕੇ ਉਸ ਨੇ ਆਪਣੀ ਜਾਨ ਬਚਾਈ। ਰੌਲਾ ਪਾਉਣ 'ਤੇ ਹਮਲਾਵਰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ। ਘਟਨਾ ਉਪਰੰਤ ਪੁੱਜੇ ਸਬ-ਇੰਸਪੈਕਟਰ ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਜਲਦ ਹੀ ਉਨ੍ਹਾਂ ਨੂੰ ਕਾਬੂ ਕੀਤਾ ਜਾਵੇਗਾ।

Posted By: Seema Anand