ਜਸਪਾਲ ਸਿੰਘ ਜੱਸੀ, ਤਰਨਤਾਰਨ : ਨਵੰਬਰ ਮਹੀਨੇ ਦੀਆਂ ਤਨਖ਼ਾਹਾਂ ਤੇ ਪੈਨਸ਼ਨਾਂ ਰੋਕੇ ਜਾਣ ਤੋਂ ਭੜਕੇ ਬਿਜਲੀ ਕਰਮਚਾਰੀ ਮੰਗਲਵਾਰ ਨੂੰ ਸੜਕਾਂ ਤੇ ਉੱਤਰ ਆਏ। ਘੰਟਿਆਬੱਧੀ ਸਰਕਲ ਦਫ਼ਤਰ ਅੱਗੇ ਧਰਨਾ ਦੇਣ ਤੋਂ ਬਾਅਦ ਕਰਮਚਾਰੀਆਂ ਨੇ ਸ਼ਹਿਰ ਵਿਚ ਰੋਸ ਮਾਰਚ ਕੀਤਾ। ਇਸ ਦੌਰਾਨ ਉਨ੍ਹਾਂ ਨੇ ਪਾਵਰ ਅਤੇ ਟਰਾਂਸਕੋ ਮੈਨੇਜਮੈਂਟ ਦੇ ਨਾਲ ਨਾਲ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਖ਼ਿਲਾਫ਼ ਜੰਮ ਕੇ ਨਾਅਰੇਬਾਜੀ ਵੀ ਕੀਤੀ। ਬੋਹੜੀ ਵਾਲਾ ਚੌਂਕ 'ਚ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰਦਿਆਂ ਕਿਹਾ ਕਿ ਕਰਮਚਾਰੀ ਹੁਣ 'ਤਨਖ਼ਾਹ ਨਹੀਂ ਤਾਂ, ਕੰਮ ਨਹੀਂ' ਵਾਲੇ ਫਾਰਮੂਲੇ 'ਤੇ ਚੱਲਣ ਲਈ ਮਜਬੂਰ ਹਨ।

ਬਿਜਲੀ ਕਾਮਿਆਂ ਅਤੇ ਪੈਨਸ਼ਨਰਾਂ ਨੇ ਸਾਂਝੇ ਤੌਰ 'ਤੇ ਇੱਕਤਰਤਾ ਕਰਕੇ ਧਨਵੰਤ ਸਿੰਘ ਰੰਧਾਵਾ, ਗੁਰਭੇਜ ਸਿੰਘ ਢਿੱਲੋਂ, ਕੁਲਵਿੰਦਰ ਸਿੰਘ ਬਾਗੜੀਆਂ, ਮਨਜੀਤ ਸਿੰਘ ਬਾਹਮਣੀਵਾਲਾ, ਹਰਜਿੰਦਰ ਸਿੰਘ ਕੋਹਲੀ ਦੀ ਅਗਵਾਈ ਹੇਠ ਰੋਸ ਧਰਨਾ ਦਿੱਤਾ। ਇਸ ਮੌਕੇ 'ਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ, ਸਾਂਝਾ ਫੋਰਮ ਪੰਜਾਬ, ਜੇਈ ਕੌਂਸਲ, ਇੰਪਲਾਈਜ਼ ਫੈਡਰੇਸ਼ਨ (ਭਲਵਾਨ) ਦੇ ਅਹੁਦੇਦਾਰਾਂ ਲਖਬੀਰ ਸਿੰਘ ਸੰਧੂ, ਸਤਨਾਮ ਸਿੰਘ ਸਰਾਂ, ਸੋਹਣ ਸਿੰਘ, ਤਾਰਾ ਸਿੰਘ ਖਹਿਰਾ, ਗਿਆਨ ਸਿੰਘ ਜੌਹਲ, ਬਲਜਿੰਦਰ ਕੌਰ, ਰਜਵੰਤ ਕੌਰ, ਸੁਰਿਦਰ ਸਿੰਘ ਰੰਧਾਵਾ, ਪੂਰਨ ਸਿੰਘ ਮਾੜੀਮੇਘਾ, ਹਰਜਿੰਦਰ ਸਿੰਘ ਠਰੂ, ਬਲਜਿੰਦਰ ਸਿੰਘ ਪਲਾਸੌਰ, ਪੂਰਨ ਦਾਸ, ਜਸਬੀਰ ਸਿੰਘ ਰੰਧਾਵਾ, ਬਲਦੇਵ ਸਿੰਘ ਰਸੂਲਪੁਰ, ਨੀਰਜ ਸਰਮਾ, ਬਲਦੇਵ ਰਾਜ, ਬਲਕਾਰ ਸਿੰਘ ਜਮਸਤਪੁਰ, ਸਿਮਰਨਜੀਤ ਸਿੰਘ ਤੋਂ ਇਲਾਵਾ ਸੂਬਾ ਆਗੂ ਗੁਰਪ੍ਰੀਤ ਸਿੰਘ ਗੰਡੀਵਿੰਡ, ਮੰਗਲ ਸਿੰਘ ਠਰੂ, ਗੁਰਪ੍ਰੀਤ ਸਿੰਘ ਮੰਨਣ ਆਦਿ ਨੇ ਸੰਬੋਧਨ ਕਰਦਿਆਂ ਪਾਵਰ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਕਰਮਚਾਰੀਆਂ ਦੀਆਂ ਤਨਖਾਹਾਂ ਅਤੇ ਪੈਨਸ਼ਨਾਂ ਤੁਰੰਤ ਜਾਰੀ ਨਾ ਕੀਤਾ ਗਿਆ ਤਾਂ ਵਿਭਾਗ ਦਾ ਕੰਮ ਮੁਕੰਮਲ ਤੌਰ 'ਤੇ ਠੱਪ ਰੱਖਿਆ ਜਾਵੇਗਾ। ਕਿਉਂਕਿ ਕਰਮਚਾਰੀ ਪਹਿਲਾਂ ਹੀ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਜਾਮ ਕਰਨ, ਪੇਕਮਿਸ਼ਨ ਦੀ ਰਿਪੋਰਟ ਲਾਗੂ ਨਾ ਕਰਨ, ਪੇਬੈਂਡ ਲਾਗੂ ਨਾ ਕਰਨ ਤੋਂ ਖਫਾ ਹਨ ਪਰ ਹੁਣ ਤਨਖਾਹਾਂ ਰੋਕਣ ਦੇ ਤੁਗਲਕੀ ਫੁਰਮਾਨ ਨੇ ਬਲਦੀ ਤੇ ਤੇਲ ਪਾਉਣ ਦਾ ਕੰਮ ਕੀਤਾ ਹੈ।

ਕਰਮਚਾਰੀਆਂ ਦੀ ਬਜਾਏ ਵਿਧਾਇਕਾਂ ਦੀਆਂ ਤਨਖ਼ਾਹਾਂ ਰੋਕੇ ਸਰਕਾਰ

ਮੁਲਾਜ਼ਮ ਆਗੂਆਂ ਨੇ ਕਿਹਾ ਕਿ ਪੰਜਾਬ ਦਾ ਖਜਾਨਾ ਕਰਮਚਾਰੀ ਖਾਲ੍ਹੀ ਨਹੀਂ ਕਰਦੇ, ਬਲਕਿ ਹਾਕਮ ਜਮਾਤਾਂ ਦੀਆਂ ਗਲਤ ਨੀਤੀਆਂ ਕਰਕੇ ਖਾਲ੍ਹੀ ਹੁੰਦਾ ਹੈ। ਜੇਕਰ ਵਾਕਿਆ ਹੀ ਖਜਾਨਾ ਖਾਲ੍ਹੀ ਹੈ ਤਾਂ ਸਰਕਾਰ ਵਿਧਾਇਕਾਂ, ਵਜੀਰਾਂ, ਸਾਬਕਾ ਮੁੱਖ ਮੰਤਰੀਆਂ ਨੂੰ ਪੈਨਸ਼ਨਾਂ ਜਾਂ ਹੋਰ ਭੱਤਿਆਂ ਦੇ ਰੂਪ ਵਿਚ ਕਰੋੜਾਂ ਰੁਪਏ ਦੀਆਂ ਬਿਨਾ ਕਿਸੇ ਰੁਕਾਵਟ ਅਦਾਇਗੀਆਂ ਕਿਉਂ ਕਰ ਰਹੀ ਹੈ। ਕਰਮਚਾਰੀਆਂ ਦੀਆਂ ਤਨਖਾਹਾਂ ਰੋਕਣ ਦੀ ਹਿਟਲਰਸ਼ਾਹੀ ਨੂੰ ਜਥੇਬੰਦੀਆਂ ਬਰਦਾਸ਼ਤ ਨਹੀਂ ਕਰਨਗੀਆਂ।

Posted By: Sarabjeet Kaur