ਪੱਤਰ ਪੇ੍ਰਰਕ, ਤਰਨਤਾਰਨ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਦੀ ਪ੍ਰਧਾਨਗੀ ਹੇਠ ਉਸਮਾ ਟੋਲ ਪਲਾਜ਼ਾ 'ਤੇ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੁਖਵਿੰਦਰ ਸਿੰਘ ਸਭਰਾ, ਹਰਬਿੰਦਰਜੀਤ ਸਿੰਘ ਕੰਗ, ਇਕਬਾਲ ਸਿੰਘ ਵੜਿੰਗ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਜੋ ਕਾਲੇ ਕਾਨੂੰਨ ਲਾਗੂ ਕੀਤੇ ਹਨ ਉਹ ਭਾਰਤ ਦੇ ਲੋਕਾਂ ਵਾਸਤੇ ਮਾਰੂ ਹਨ। ਟੋਲ ਪਲਾਜ਼ਾ 'ਤੇ 350ਵੇੇਂ ਦਿਨ ਵਿਚ ਆਗੂਆਂ ਨੇ ਕਿਹਾ ਜਿੰਨਾ ਚਿਰ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਓਨਾ ਚਿਰ ਇਸ ਤਰਾਂ੍ਹ ਟੋਲ ਪਲਾਜੇ ਬੰਦ ਰਹਿਣਗੇ। ਇਕ ਹੋਰ ਮਤੇ ਰਾਹੀਂ ਫੈਸਲਾ ਕੀਤਾ ਗਿਆ ਕਿ ਸੰਯੁਕਤ ਮੋਰਚੇ ਦੇ ਐਲਾਨ ਮੁਤਾਬਕ 27 ਸਤੰਬਰ ਨੂੰ ਮੁਕੰਮਲ ਭਾਰਤ ਬੰਦ ਕੀਤਾ ਜਾਵੇਗਾ। ਪੰਜਾਬ ਸਰਕਾਰ ਦੇ ਚੋਣ ਵਾਅਦੇ ਲਾਗੂ ਕਰਵਾਉਣ ਲਈ 28, 29, 30 ਸਤੰਬਰ ਨੂੰ ਪੰਜਾਬ ਭਰ ਦੇ ਡੀਸੀ ਦਫ਼ਤਰਾਂ ਤੇ ਧਰਨੇ ਦਿੱਤੇ ਜਾਣਗੇ, ਜਿਸ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਦਿੱਲੀ ਮੋਰਚੇ ਵਿਚ ਵੀ ਵਾਰੀ ਅਨੁਸਾਰ 25 ਸਤੰਬਰ ਨੂੰ ਹਰੀਕੇ ਪੱਤਣ ਤੋਂ ਹਜ਼ਾਰਾਂ ਕਿਸਾਨ ਮਜ਼ਦੂਰ ਬੀਬੀਆਂ ਅਤੇ ਨੌਜਵਾਨਾਂ ਦੇ ਜਥੇ ਦਿੱਲੀ ਵੱਲ ਚਾਲੇ ਪਾਉਣਗੇ। ਇਸ ਮੌਕੇ ਭੁਪਿੰਦਰ ਸਿੰਘ, ਮੇਜ਼ਰ ਸਿੰਘ, ਲਖਵੰਤ ਸਿੰਘ, ਸਤਨਾਮ ਸਿੰਘ, ਪਿਆਰਾ ਸਿੰਘ, ਚਮਕੌਰ ਸਿੰਘ, ਬਲਜੀਤ ਸਿੰਘ, ਤਰਸੇਮ ਸਿੰਘ, ਕੰਵਲਜੀਤ ਸਿੰਘ, ਇਕਬਾਲ ਸਿੰਘ, ਰਣਜੀਤ ਸਿੰਘ ਆਦਿ ਆਗੂ ਹਾਜ਼ਰ ਸਨ।