ਜਸਪਾਲ ਸਿੰਘ ਜੱਸੀ, ਤਰਨਤਾਰਨ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ 'ਚ ਸ਼ੁਰੂ ਕੀਤੇ ਗਏ ਸੂਬਾ ਪੱਧਰੀ ਮੋਰਚੇ ਦੇ ਤੀਸਰੇ ਦਿਨ ਤੈਅ ਕੀਤੇ ਪ੍ਰੋਗਰਾਮ ਨੂੰ ਪੂਰਾ ਕਰਨ ਲਈ ਕਿਸਾਨ ਮਜਦੂਰ ਰੇਲ ਮਾਰਗਾਂ ਵੱਲ ਵਧੇ। ਜਿਨ੍ਹਾਂ ਨੂੰ ਰੋਕਣ ਲਈ ਪ੍ਰਸ਼ਾਸਨ ਨੇ ਕਈ ਥਾਵਾਂ ਰੋਕਾਂ ਲਗਾਈਆਂ ਪਰ ਇਸਦੇ ਬਾਵਜੂਦ ਕਿਸਾਨ ਅਤੇ ਮਜਦੂਰ ਰੇਲ ਮਾਰਗਾਂ ਤਕ ਪਹੁੰਚਣ ਵਿਚ ਸਫਲ ਰਹੇ। ਕਾਂਗਰਸ ਸਰਕਾਰ ਤੇ ਮੰਗਾਂ ਦਾ ਹੱਲ ਨਾ ਕਰਨ ਦਾ ਦੋਸ਼ ਲਗਾਉਂਦਿਆਂ ਵੱਡੀ ਗਿਣਤੀ ਕਿਸਾਨਾਂ ਤੇ ਮਜਦੂਰਾਂ ਨੇ ਅੰਮ੍ਰਿਤਸਰ-ਖੇਮਕਰਨ ਰੇਲ ਮਾਰਗ ਨੂੰ ਤਰਨਤਾਰਨ ਦੇ ਪਿੰਡ ਗੋਹਲਵੜ ਕੋਲ ਜਾਮ ਕਰ ਦਿੱਤਾ।

ਰੇਲ ਮਾਰਗ ਤੇ ਡੱਟੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੂਬਾ ਸੀਨੀਅਰ ਮੀਤ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ, ਸੁਖਵਿੰਦਰ ਸਿੰਘ ਸਭਰਾ, ਜਸਬੀਰ ਸਿੰਘ ਪਿੱਦੀ, ਗੁਰਲਾਲ ਸਿੰਘ ਪੰਡੋਰੀ, ਹਰਪ੍ਰੀਤ ਸਿੰਘ ਸਿੱਧਵਾਂ, ਗੁਰਬਚਨ ਸਿੰਘ ਚੱਬਾ ਨੇ ਕਿਹਾ ਕਿ ਮੋਦੀ ਤੇ ਕੈਪਟਨ ਸਰਕਾਰ ਵਿਸ਼ਵ ਵਪਾਰ ਸੰਸਥਾ, ਵਿਸ਼ਵ ਬੈਂਕ ਦੀਆਂ ਦਿਸ਼ਾ ਨਿਰਦੇਸ਼ਿਤ ਕਾਰਪੋਰੇਟ ਪੱਖੀ ਨੀਤੀਆਂ ਨੂੰ ਲਾਗੂ ਕਰ ਰਹੀ ਹੈ। ਖੇਤੀ ਨੀਤੀ ਸਰਮਾਏਦਾਰ ਪੱਖੀ ਹੋਣ ਕਾਰਨ ਅੱਜ ਕਿਸਾਨ ਮਜ਼ਦੂਰ ਕਰਜੇ ਦੇ ਮੱਕੜ ਜਾਲ 'ਚ ਫਸਿਆ ਹੈ। ਹਰ ਰੋਜ ਭਾਰਤ ਦੇਸ਼ 'ਚ 45 ਕਿਸਾਨ ਖੁਦਕੁਸ਼ੀ ਕਰਦੇ ਹਨ। ਜਦੋਂਕਿ ਪੰਜਾਬ ਵਿਚ 'ਚ ਹਰ ਦਿਨ 5 ਕਿਸਾਨਾਂ ਨੂੰ ਖੁਦਕੁਸ਼ੀ ਦਾ ਰਾਹ ਫੜ੍ਹਨਾ ਪੈਂਦਾ ਹੈ। ਹਾਕਮ ਵੋਟਾਂ ਬਟੋਰਨ ਲਈ ਕਰਜੇ ਮਾਫ਼ੀ ਦਾ ਲਾਰਾ ਲਾਉਦੇਂ ਹਨ ਪਰ ਸਰਕਾਰ ਬਨਣ ਤੋਂ ਬਾਅਦ ਇਹ ਵਾਅਦੇ ਕਦੇ ਵਫਾ ਨਹੀਂ ਹੋਏ। ਕਿਸਾਨਾਂ ਦੀਆਂ ਫਸਲਾਂ ਦੇ ਭਾਅ 1970 ਤੋਂ 2017 ਤਕ ਨਿਗੂਣਾ ਵਾਧਾ ਕੀਤਾ ਗਿਆ ਹੈ। ਜਦੋਂਕਿ ਖਾਦ, ਕੀਟ ਨਾਸ਼ਕ ਜਹਿਰਾਂ, ਡੀਜਲ, ਖੇਤੀ ਮਸ਼ੀਨਰੀ, ਮਜਦੂਰੀ ਦਾ ਖਰਚਾ 130 ਗੁਣਾ ਵਧਿਆ ਹੈ। ਡਾ. ਸੁਆਮੀਨਾਥਨ ਦੀ ਰਿਪੋਰਟ ਅਨੁਸਾਰ ਫਸਲਾਂ ਦੇ ਭਾਅ ਦੇਣ ਦੀ ਮੰਗ ਪੂਰੀ ਤਾਂ ਕੀ ਕਰਨੀ ਸੀ ਸਗੋਂ ਖੇਤੀ ਮੰਡੀ ਤੇ ਕਾਰਪੋਰੇਟ ਘਰਾਣਿਆਂ ਦਾ ਕਬਜਾ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਵਾਅਦੇ ਅਨੁਸਾਰ ਸਮੁੱਚਾ ਕਰਜਾ ਖਤਮ ਕਰੇ, ਕੁਰਕੀਆਂ, ਗ੍ਰਿਫਤਾਰੀਆਂ ਬੰਦ ਕੀਤੀਆਂ ਜਾਣ, ਕਿਸਾਨ ਮਜ਼ਦੂਰ ਪੱਖੀ ਕਰਜਾ ਕਾਨੂੰਨ ਲਿਆਂਦਾ ਜਾਵੇ। ਕਿਸਾਨ ਆਗੂਆਂ ਨੇ ਕਿਹਾ ਕਿ ਕੈਪਟਨ ਸਰਕਾਰ ਕਰਜ਼ੇ ਕਾਰਨ ਖੁਦਕੁਸ਼ੀਆਂ ਕਰ ਰਹੇ ਕਿਸਾਨਾਂ ਦੇ ਕਰਜ਼ੇ ਮਾਫ ਕਰਨ ਤੋਂ ਤਾਂ ਪਹਿਲਾਂ ਹੀ ਭੱਜ ਚੁੱਕੀ ਹੈ। ਫਸਲਾਂ ਦੇ ਭਾਅ ਵੀ ਲਾਹੇਵੰਦ ਨਹੀ ਦਿੱਤੇ ਜਾ ਰਹੇ। ਇਸ ਮੌਕੇ ਲਖਵਿੰਦਰ ਸਿੰਘ ਵਰਿਆਮਨੰਗਲ, ਜਰਮਨਜੀਤ ਸਿੰਘ ਬੰਡਾਲਾ, ਸਲਵਿੰਦਰ ਸਿੰਘ ਜੀਓਬਾਲਾ,ਸਤਨਾਮ ਸਿੰਘ ਮਾਣੋਚਾਹਲ, ਰਣਬੀਰ ਸਿੰਘ ਡੁੱਗਰੀ, ਗੁਰਪ੍ਰੀਤ ਸਿੰਘ ਗੋਪੀ ਖਾਨਪੁਰ, ਸਲਵਿੰਦਰ ਸਿੰਘ ਜਾਣੀਆ, ਗੁਰਮੇਲ ਸਿੰਘ ਰੇੜਵਾਂ, ਸਰਵਣ ਸਿੰਘ ਬਾਉਪੁਰ, ਜਸਵੰਤ ਸਿੰਘ ਅੰਮ੍ਰਿਤਪੁਰ, ਕਸ਼ਮੀਰ ਸਿੰਘ ਫੱਤਾਕੁੱਲਾ, ਕੁਲਦੀਪ ਸਿੰਘ ਟਾਹਲੀ ਆਦਿ ਆਗੂ ਹਾਜਰ ਸਨ।

ਪਿੰਡ ਜੋੜਾ ਤੇ ਪਲਾਸੌਰ 'ਚ ਰੋਕੇ ਵੱਡੀ ਗਿਣਤੀ ਕਿਸਾਨ, ਮਜਦੂਰ

ਕਿਸਾਨਾਂ ਨੂੰ ਰੇਲ ਮਾਰਗ ਤਕ ਜਾਣ ਤੋਂ ਰੋਕਣ ਦੇ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਥਾਂ ਥਾਂ ਤੇ ਰੋਕਾਂ ਲਗਾਈਆਂ ਗਈਆਂ। ਵੱਡੀ ਗਿਣਤੀ ਕਿਸਾਨਾਂ ਨੂੰ ਤਰਨਤਾਰਨ-ਪੱਟੀ ਮਾਰਗ ਦੇ ਪਿੰਡ ਜੋੜਾ ਵਿਖੇ ਡੀਐਸਪੀ ਕਵਲਜੀਤ ਸਿੰਘ ਮੰਡ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਰੋਕਿਆ। ਜਦੋਂਕਿ ਤਰਨਤਾਰਨ-ਦਿਆਲਪੁਰਾ ਮਾਰਗ ਤੇ ਪੈਂਦੇ ਪਿੰਡ ਪਲਾਸੌਰ ਵਿਖੇ ਵੀ ਵੱਡੀ ਗਿਣਤੀ ਕਿਸਾਨਾਂ, ਮਜਦੂਰਾਂ ਨੂੰ ਰੇਲ ਮਾਰਗ ਵੱਲ ਜਾਣ ਤੋਂ ਰੋਕਿਆ ਗਿਆ। ਇਸੇ ਤਰ੍ਹਾਂ ਹੀ ਵੱਖ ਵੱਖ ਚੌਕ ਚੁਰਾਹਿਆਂ 'ਚ ਵੱਡੀ ਗਿਣਤੀ ਪੁਲਿਸ ਬਲ ਤਾਇਨਾਤ ਰਿਹਾ। ਹਾਲਾਂਕਿ ਇਸਦੇ ਬਾਵਜੂਦ ਕਈ ਕਿਸਾਨ ਰੇਲ ਮਾਰਗ ਤਕ ਪਹੁੰਚਣ ਵਿਚ ਸਫਲ ਰਹੇ।

Posted By: Tejinder Thind