ਹਰਜਿੰਦਰ ਸਿੰਘ ਗੋਲ੍ਹਣ, ਭਿੱਖੀਵਿੰਡ : ਥਾਣਾ ਭਿੱਖੀਵਿੰਡ ਅਧੀਨ ਆਉਂਦੇ ਪਿੰਡ ਕਾਲੇ ਵਿਖੇ ਕਿਸਾਨ ਨੇ ਆਪਣੀ ਨੂੰਹ ਤੇ ਕੁੜਮਣੀ ਤੋਂ ਤੰਗ ਆ ਕੇ ਜ਼ਹਿਰੀਲੀ ਦਵਾਈ ਪੀ ਕੇ ਜੀਵਨ ਲੀਲ੍ਹਾ ਸਮਾਪਤ ਕਰ ਲਈ। ਮ੍ਰਿਤਕ ਗੁਰਨਾਮ ਸਿੰਘ ਵਾਸੀ ਕਾਲੇ ਦੇ ਭਤੀਜੇ ਗੁਰਵਿੰਦਰ ਸਿੰਘ ਪੁੱਤਰ ਸਵਰਨ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਗੁਰਨਾਮ ਸਿੰਘ ਦੇ ਲੜਕੇ ਅਵਤਾਰ ਸਿੰਘ ਦੇ ਸਾਲੇ ਸ਼ਮਸ਼ੇਰ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਮਾੜੀ ਗੌੜ ਸਿੰਘ ਨੇ ਆਪਣੀ ਮਾਤਾ ਜੋਗਿੰਦਰ ਕੌਰ ਨੇ ਰਣਜੀਤ ਸਿੰਘ ਪੁੱਤਰ ਗੁਰਨਾਮ ਸਿੰਘ ਦੀ ਸਾਲ 2010 'ਚ ਹੱਤਿਆ ਕਰ ਦਿੱਤੀ ਸੀ। ਇਸ ਕਤਲ ਦੇ ਸਬੰਧ ਵਿਚ ਜਿੱਥੇ ਸ਼ਮਸ਼ੇਰ ਸਿੰਘ ਜੇਲ੍ਹ ਅੰਦਰ ਕੈਦ ਕੱਟ ਰਿਹਾ ਉੱਥੇ ਹੀ ਉਸ ਦੀ ਮਾਤਾ ਜੋਗਿੰਦਰ ਕੌਰ ਜ਼ਮਾਨਤ 'ਤੇ ਬਾਹਰ ਹੈ।

ਗੁਰਵਿੰਦਰ ਸਿੰਘ ਨੇ ਅੱਗੇ ਦੱਸਿਆ ਅਵਤਾਰ ਸਿੰਘ ਦੀ ਪਤਨੀ ਕੰਵਲਜੀਤ ਕੌਰ ਤੇ ਮਾਤਾ ਜੋਗਿੰਦਰ ਕੌਰ ਨੇ ਬਦਲੇ ਦੀ ਭਾਵਨਾ ਨਾਲ ਬੀਤੇ ਦਿਨੀਂ ਪੁਲਿਸ ਹੈਲਪ ਲਾਈਨ 'ਤੇ ਕਾਲ ਕਰ ਕੇ ਗੁਰਨਾਮ ਸਿੰਘ ਉੱਪਰ ਜਬਰ ਜਾਹ ਦਾ ਦੋਸ਼ ਲਾਇਆ ਤਾਂ ਭਿੱਖੀਵਿੰਡ ਪੁਲਿਸ ਨੇ ਕਾਰਵਾਈ ਕਰ ਕੇ ਗੁਰਨਾਮ ਸਿੰਘ ਨੂੰ ਹਿਰਾਸਤ 'ਚ ਲੈ ਕੇ ਜਾਂਚ-ਪੜਤਾਲ ਕੀਤੀ। ਜਾਂਚ ਦੌਰਾਨ ਪਿੰਡ ਦੇ ਮੋਹਤਬਰਾਂ ਵੱਲੋਂ ਗੁਰਨਾਮ ਸਿੰਘ ਦੀ ਸਫਾਈ ਦਿੱਤੇ ਜਾਣ 'ਤੇ ਉਸ ਨੂੰ ਛੱਡ ਦਿੱਤਾ ਤੇ ਹੈਲਪਲਾਈਨ ਨੂੰ ਰਿਪੋਰਟ ਬਣਾ ਕੇ ਭੇਜ ਦਿੱਤੀ। ਕੰਵਲਜੀਤ ਕੌਰ ਵੱਲੋਂ ਜਬਰ ਜਨਾਹ ਦੇ ਲਗਾਏ ਦੋਸ਼ ਤੋਂ ਪਰੇਸ਼ਾਨ ਗੁਰਨਾਮ ਸਿੰਘ ਨੇ ਅੱਜ ਸਵੇਰੇ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ। ਦੱਸਣਯੋਗ ਹੈ ਕਿ ਮ੍ਰਿਤਕ ਗੁਰਨਾਮ ਸਿੰਘ ਦੀ ਜੇਬ੍ਹ 'ਚੋਂ ਬਰਾਮਦ ਹੋਏ ਕਾਗਜ਼ ਦੇ ਟੁਕੜੇ ਉੱਤੇ ਆਪਣੇ ਦਸਤਖ਼ਤਾਂ ਹੇਠ ਲਿਖ ਕੇ ਰੱਖੇ ਸੁਸਾਈਡ ਨੋਟ 'ਤੇ ਨੂੰਹ ਕੰਵਲਜੀਤ ਕੌਰ ਤੇ ਕੁੜਮਣੀ ਜੋਗਿੰਦਰ ਕੌਰ ਨੂੰ ਆਪਣੀ ਮੌਤ ਦਾ ਜ਼ਿੰਮੇਵਾਰ ਦੱਸਿਆ ਹੈ। ਥਾਣਾ ਭਿੱਖੀਵਿੰਡ ਦੇ ਮੁਖੀ ਚੰਦਰ ਭੂਸ਼ਣ ਨੇ ਦੱਸਿਆ ਕਿ ਕੰਵਲਜੀਤ ਕੌਰ ਪਤਨੀ ਅਵਤਾਰ ਸਿੰਘ, ਜੋਗਿੰਦਰ ਕੌਰ ਪਤਨੀ ਪੂਰਨ ਸਿੰਘ ਵਾਸੀ ਮਾੜੀ ਗੌੜ ਸਿੰਘ ਖ਼ਿਲਾਫ਼ ਧਾਰਾ 306 ਦੇ ਅਧੀਨ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Posted By: Seema Anand