ਕਿਰਪਾਲ ਸਿੰਘ ਰੰਧਾਵਾ, ਹਰੀਕੇ ਪੱਤਣ : ਪਿੰਡ ਮਰਹਾਣਾ ਵਿਖੇ ਦੋ ਹਮਲਾਵਰਾਂ ਨੇ ਦਾਤਰ ਦੀ ਨੋਕ 'ਤੇ ਪੰਜਾਬ ਐਂਡ ਸਿੰਧ ਬੈਂਕ ਲੁੱਟਣ ਦੀ ਨਾਕਾਮ ਕੋਸ਼ਿਸ਼ ਕੀਤੀ। ਜਦੋਂ ਹਮਲਾਵਰ ਬੈਂਕ ਲੁੱਟਣ 'ਚ ਕਾਮਯਾਬ ਨਾ ਹੋਏ ਤਾਂ ਉਹ ਦਾਤਰ ਦੀ ਨੋਕ 'ਤੇ ਬੈਂਕ ਕਰਮਚਾਰੀ ਦੀ ਕੁੱਟਮਾਰ ਕਰਕੇ ਉਸ ਦਾ ਮੋਬਾਈਲ ਖੋਹ ਕੇ ਫਰਾਰ ਹੋ ਗਏ। ਕੈਸ਼ੀਅਰ ਦੀ ਦੂਰਅੰਦੇਸ਼ੀ ਕਾਰਨ ਹਮਲਾਵਰ ਨਕਦੀ ਲੁੱਟਣ ਵਿਚ ਨਾਕਾਮਯਾਬ ਰਹੇ। ਸਾਰਾ ਘਟਨਾਕ੍ਰਮ ਸੀਸੀਟੀਵੀ ਕੈਮਰੈ ਵਿਚ ਕੈਦ ਹੋ ਗਿਆ।


ਥਾਣਾ ਚੋਹਲਾ ਸਾਹਿਬ ਤੋ ਆਏ ਡਿਊਟੀ ਅਫਸਰ ਜਸਵੰਤ ਸਿੰਘ ਨੇ ਕੁੱਟਮਾਰ ਦਾ ਸ਼ਿਕਾਰ ਹੋਏ ਵਿਅਕਤੀ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦੀਪਕ ਕੁਮਾਰ ਪੁੱਤਰ ਜੋਗਿੰਦਰ ਸਿੰਘ ਅਤੇ ਬੈਂਕ ਦੇ ਕੈਸ਼ੀਅਰ ਯੁਵਰਾਜ ਸਿੰਘ ਨੇ ਦੱਸਿਆ ਕਿ 3 ਵਜੇ ਦੇ ਕਰੀਬ ਬੈਂਕ ਦੇ ਬਾਹਰ ਟਰਾਲੇ ਤੋ ਉੱਤਰ ਕੇ 2 ਵਿਅਕਤੀ ਤੇਜ਼ਧਾਰ ਹਥਿਆਰਾਂ ਸਣੇ ਬੈਂਕ 'ਚ ਦਾਖਲ ਹੋਏ ਅਤੇ ਸਾਹਮਣੇ ਬੈਠੇ ਦੀਪਕ ਕੁਮਾਰ 'ਤੇ ਹਮਲਾ ਕਰ ਦਿੱਤਾ ਜਿਥੇ ਬੈਂਕ ਅੰਦਰ ਖੜ੍ਹੇ ਗ੍ਰਾਹਕਾਂ ਨੇ ਲੁਕ ਕੇ ਜਾਨ ਬਚਾਈ, ਉਥੇ ਯੁਵਰਾਜ ਸਿੰਘ ਦੀ ਸੂਝ-ਬੂਝ ਕਾਰਨ ਨਕਦੀ ਲੁੱਟਣ ਤੋਂ ਬਚਾਅ ਹੋ ਗਿਆ। ਹਮਲਾਵਰਾਂ ਨੇ ਵਾਪਸ ਜਾਣ ਸਮੇਂ ਦੀਪਕ ਕੁਮਾਰ ਦਾ ਮੋਬਾਈਲ ਖੋਹ ਲਿਆ ਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੰਦੇ ਫਰਾਰ ਹੋ ਗਏ।

ਘਟਨਾ ਤੋ ਕਰੀਬ ਇਕ ਘੰਟੇ ਬਾਅਦ ਇਕ ਹੋਰ ਨੌਜਵਾਨ ਬੈਂਕ ਅੰਦਰ ਆਇਆ ਅਤੇ ਖੁਦ ਨੂੰ ਸੀਐੱਮ ਸਕਿਉਰਿਟੀ ਦਾ ਹਿੱਸਾ ਦੱਸਦੇ ਹੋਏ ਦੀਪਕ ਕੁਮਾਰ ਦਾ ਸ਼ਨਾਖਤੀ ਕਾਰਡ ਗਲੇ 'ਚੋਂ ਲਾਹ ਲਿਆ ਅਤੇ ਬਾਕੀ ਕਰਮਚਾਰੀਆਂ ਨੂੰ ਧਮਕੀਆਂ ਦਿੰਦਾ ਹੋਇਆ ਬਾਹਰ ਚਲਾ ਗਿਆ। ਕਰਮਚਾਰੀਆਂ ਮੁਤਾਬਿਕ ਉਕਤ ਸਾਰੀ ਘਟਨਾ ਸੀਸੀਟੀਵੀ ਕੈਮਰੈ ਵਿਚ ਕੈਦ ਹੋ ਗਈ ਜਿਸ ਕਰਕੇ ਇਕ ਹਮਲਾਵਰ ਦੀ ਪਛਾਣ ਹੋ ਗਈ ਹੈ।

ਉੱਧਰ ਘਟਨਾ ਸਥਾਨ ਦਾ ਜਾਇਜ਼ਾ ਲੈਣ ਪਹੁੰਚੇ ਸਹਾਇਕ ਥਾਣੇਦਾਰ ਜਸਵੰਤ ਸਿੰਘ ਕਿਹਾ ਕਿ ਮਾਮਲੇ ਸਬੰਧੀ ਬੈਂਕ ਦੇ ਕਰਮਚਾਰੀ ਦੀਪਕ ਕੁਮਾਰ ਦੀ ਸ਼ਿਕਾਇਤ 'ਤੇ ਪੜਤਾਲ ਕੀਤੀ ਜਾ ਰਹੀ ਹੈ ਅਤੇ ਜਲਦੀ ਦੀ ਫਰਾਰ ਹਮਲਾਵਰਾਂ ਦੀ ਭਾਲ ਕਰ ਲਈ ਜਾਵੇਗੀ।

Posted By: Jagjit Singh