ਜਸਪਾਲ ਸਿੰਘ ਜੱਸੀ/ਪ੍ਰਤਾਪ ਸਿੰਘ, ਤਰਨਤਾਰਨ : ਸੀਆਈਏ ਸਟਾਫ ਤਰਨਤਾਰਨ ਦੀ ਪੁਲਿਸ ਨੇ ਬਾਹਰੀ ਜ਼ਿਲ੍ਹਿਆਂ ਵਿਚ ਫਿਰੌਤੀ ਅਤੇ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 6 ਮੈਂਬਰੀ ਗਿਰੋਬ ਨੂੰ ਬੇਨਕਾਬ ਕਰਦਿਆਂ ਦੋ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਉਕਤ ਲੋਕਾਂ ਕੋਲੋਂ ਵੱਡੀ ਮਾਤਰਾ ਵਿਚ ਹਥਿਆਰ ਤੇ ਗੋਲੀ ਸਿੱਕਾ ਵੀ ਬਰਾਮਦ ਕੀਤਾ ਗਿਆ ਹੈ। ਉਕਤ ਲੋਕਾਂ ਦੇ ਖਿਲਾਫ ਥਾਣਾ ਹਰੀਕੇ ਪੱਤਣ ਵਿਚ ਕੇਸ ਦਰਜ ਕਰਕੇ ਫਰਾਰ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।

ਐੱਸਪੀ ਪੜਤਾਲ ਜਗਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਤਰਨਤਾਰਨ ਜ਼ਿਲ੍ਹੇ ਨਾਲ ਸਬੰਧਤ ਵੱਖ ਵੱਖ ਪਿੰਡਾਂ ਦੇ ਅੱਧਾ ਦਰਜਨ ਨੌਜਵਾਨਾਂ ਨੇ ਗਿਰੋਹ ਬਣਾਇਆ ਹੈ। ਜੋ ਹਥਿਆਰਾਂ ਨਾਲ ਲੈਸ ਹੋ ਕੇ ਬਾਹਰਲੇ ਜ਼ਿਲ੍ਹਿਆਂ ਵਿਚ ਫਿਰੌਤੀ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਉਕਤ ਸੂਚਨਾ ਦੇ ਅਧਾਰ 'ਤੇ ਸੀਆਈਏ ਸਟਾਫ ਤਰਨਤਾਰਨ ਦੇ ਸਬ ਇੰਸਪੈਕਟਰ ਸੁਖਦੇਵ ਸਿੰਘ 'ਤੇ ਅਧਾਰਿਤ ਪੁਲਿਸ ਪਾਰਟੀ ਨੇ ਬੂਹ ਦੇ ਮੋੜ ਵੰਗਾਂ ਕੋਲੋਂ ਜਗਜੀਤ ਸਿੰਘ ਉਰਫ ਜੱਗੀ ਪੁੱਤਰ ਜਸਵੰਤ ਸਿੰਘ ਵਾਸੀ ਨੌਸ਼ਹਿਰਾ ਪਨੂੰਆਂ ਅਤੇ ਲਵਜੀਤ ਸਿੰਘ ਉਰਫ ਲਵ ਵਾਸੀ ਗੰਡੀਵਿੰਡ ਨੂੰ ਗ੍ਰਿਫਤਾਰ ਕਰ ਲਿਆ। ਜਿਨ੍ਹਾਂ ਦੇ ਕਬਜੇ 'ਚੋਂ ਦੋ 12 ਬੋਰ ਦੀਆਂ ਬੰਦੂਕਾਂ, ਚਾਰ ਕਾਰਤੂਸ, ਇਕ ਰਿਵਾਲਵਰ 32 ਬੋਰ ਅਤੇ ਦੋ ਕਾਰਤੂਸ, ਦੋ ਦੇਸੀ ਪਿਸਤੋਲ 315 ਬੋਰ ਅਤੇ ਦੋ ਕਾਰਤੂਸ ਤੋਂ ਇਲਾਵਾ ਇਕ ਬਰੇਡਾ 32 ਬੋਰ ਦੇ ਪਿਸਤੌਲ ਸਮੇਤ ਦੋ ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਜਦੋਂਕਿ ਰਾਜਵਿੰਦਰ ਸਿੰਘ ਰਾਜੂ ਪੁੱਤਰ ਅਮਰਜੀਤ ਸਿੰਘ ਵਾਸੀ ਗੰਡੀਵਿੰਡ, ਹਰਪ੍ਰੀਤ ਸਿੰਘ ਸੋਨਾ ਵਾਸੀ ਢੋਟੀਆਂ, ਗੁਰਪਾਲ ਸਿੰਘ ਉਰਫ ਸੰਘਾ ਵਾਸੀ ਚੰਬਲ ਅਤੇ ਜਗਪ੍ਰੀਤ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਹਰੀਕੇ ਮੌਕੇ ਤੋਂ ਫਰਾਰ ਹੋ ਗਏ। ਉਨ੍ਹਾਂ ਨੇ ਦੱਸਿਆ ਕਿ ਇਹ ਲੋਕ ਉਕਤ ਟਿਕਾਣੇ ਤੇ ਕਿਸੇ ਲੁੱਟ ਦੀ ਘਟਨਾ ਨੂੰ ਅੰਜਾਮ ਦੇਣ ਦੀ ਤਿਆਰੀ ਵਿਚ ਸਨ। ਐੱਸਪੀ ਪੜਤਾਲ ਜਗਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਫਰਾਰ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜਲਦ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।

Posted By: Sunil Thapa