ਜਸਪਾਲ ਸਿੰਘ ਜੱਸੀ, ਤਰਨਤਾਰਨ : ਤਰਨਤਾਰਨ ਦੇ ਆਬਕਾਰੀ ਵਿਭਾਗ ਨੇ ਪੁਲਿਸ ਸਮੇਤ ਸਾਂਝਾ ਤਲਾਸ਼ੀ ਅਭਿਆਨ ਚਲਾਉਦਿਆਂ ਪਿੰਡ ਸ਼ਕਰੀ ਤੋਂ ਗੈਰ ਕਾਨੂੰਨੀ ਸ਼ਰਾਬ ਤਿਆਰ ਕਰਨ ਲਈ ਪਾਈ ਗਈ ਲਾਹਣ ਦਾ ਜ਼ਖੀਰਾ ਬਰਾਮਦ ਕੀਤਾ ਹੈ। ਵੱਖ ਵੱਖ ਥਾਵਾਂ ਤੋਂ ਮਿਲੀ ਇਸ ਲਵਾਰਾਸ ਲਾਹਣ ਨੂੰ ਨਸ਼ਟ ਕਰਨ ਉਪਰੰਤ ਥਾਣਾ ਸਰਹਾਲੀ ਦੀ ਪੁਲਿਸ ਵੱਲੋਂ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਵੀ ਵਿਭਾਗ ਨੇ ਵੱਡੀ ਮਾਤਰਾ ਵਿਚ ਲਾਹਣ ਅਤੇ ਨਾਜਾਇਜ਼ ਸ਼ਰਾਬ ਤਰਨਤਾਰਨ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਤੋਂ ਬਰਾਮਦ ਕੀਤੀ ਹੈ।

ਈਟੀਓ ਨਵਜੋਤ ਭਾਰਤੀ ਨੇ ਦੱਸਿਆ ਕਿ ਆਬਕਾਰੀ ਵਿਭਾਗ ਦੇ ਇੰਸਪੈਕਟਰ ਪ੍ਰਸ਼ੋਤਮ ਪਠਾਣੀਆਂ ਅਤੇ ਅਮਰੀਕ ਸਿੰਘ ਦੀ ਅਗਵਾਈ ਹੇਠ ਆਬਕਾਰੀ ਵਿਭਾਗ ਦੀ ਟੀਮ ਨੇ ਪੁਲਿਸ ਸਮੇਤ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਲਈ ਬਦਨਾਮ ਪਿੰਡ ਸ਼ਕਰੀ ਵਿਚ ਸਾਂਝਾ ਤਲਾਸ਼ੀ ਅਭਿਆਨ ਚਲਾਇਆ ਸੀ। ਜਿਸ ਦੌਰਾਨ ਪਿੰਡ ਦੇ ਛੱਪੜ ਅਤੇ ਸ਼ਮਸ਼ਾਨਘਾਟ ਕੋਲੋਂ ਤਰਪਾਲਾਂ ਅਤੇ ਡਰੰਮਾਂ ਵਿਚ ਪਾਈ ਹੋਈ 94 ਹਜਾਰ 500 ਲੀਟਰ ਲਾਹਣ ਬਰਾਮਦ ਕੀਤੀ ਗਈ ਹੈ। ਜਿਸ ਤੋਂ ਵੱਡੀ ਮਾਤਰਾ ’ਚ ਨਾਜਾਇਜ਼ ਸ਼ਰਾਬ ਤਿਆਰ ਕੀਤੀ ਜਾਣੀ ਸੀ। ਉਨ੍ਹਾਂ ਦੱਸਿਆ ਕਿ ਇਹ ਲਾਹਣ ਕਿੰਨਾਂ ਲੋਕਾਂ ਦੀ ਸੀ ਇਸ ਬਾਰੇ ਪਤਾ ਨਹੀਂ ਚੱਲ ਸਕਿਆ ਹੈ। ਪਰ ਲਾਹਣ ਨੂੰ ਨਸ਼ਟ ਕਰਕੇ ਹੋਰ ਸਮਾਨ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਨਜਾਇਜ਼ ਸ਼ਰਾਬ ਦੇ ਕਾਰੋਬਾਲ ਨੂੰ ਠੱਲ੍ਹਣ ਲਈ ਵਿਭਾਗ ਵੱਲੋਂ ਲਗਾਤਾਰ ਆਪ੍ਰੇਸ਼ਨ ਚਲਾਏ ਜਾ ਰਹੇ ਹਨ ਅਤੇ ਲੰਘੇ ਦਿਨੀ ਬਿਆਸ ਦਰਿਆ ਨਾਲ ਲੱਗਦੇ ਮੰਡ ਖੇਤਰ ਵਿਚੋਂ ਵੀ ਹਜ਼ਾਰਾਂ ਲੀਟਰ ਲਾਹਣ ਅਤੇ ਸੈਂਕੜੇ ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਸੀ।

Posted By: Jagjit Singh