ਤਰਨ ਤਾਰਨ, ਪੰਜਾਬੀ ਜਾਗਰਣ ਬਿਊਰੋ : ਜ਼ਿਲ੍ਹਾ ਤਰਨ ਤਾਰਨ ਵਿੱਚ ਨਜਾਇਜ਼ ਸ਼ਰਾਬ ਬਣਾਉਣ ਅਤੇ ਵਿਕਰੀ ਕਰਨ ਵਿਰੁੱਧ ਵਿੱਢੀ ਗਈ ਜ਼ੋਰਦਾਰ ਮੁਹਿੰਮ ਤਹਿਤ ਅੱਜ ਆਬਕਾਰੀ ਕਮਿਸ਼ਨਰ, ਜਲੰਧਰ ਮੰਡਲ ਦੇ ਹੁਕਮਾਂ ਮੁਤਾਬਿਕ ਹਰੀਕੇ ਝੀਲ ਦੇ ਮਰੜ ਖੇਤਰ ਵਿਖੇ ਆਬਕਾਰੀ ਵਿਭਾਗ ਤਰਨਤਾਰਨ, ਫਿਰੋਜ਼ਪੁਰ ਨੇ ਜੰਗਲੀ ਜੀਵ ਤੇ ਵਣ ਵਿਭਾਗ ਦੇ ਸਹਿਯੋਗ ਨਾਲ, ਸਥਾਨਕ ਪੁਲਿਸ ਨੂੰ ਨਾਲ ਲੈ ਕੇ ਸਾਂਝੇ ਤੌਰ ‘ਤੇ ਛਾਪੇਮਾਰੀ ਕੀਤੀ। ਜਿਸ ਵਿਚ ਆਬਕਾਰੀ ਅਫਸਰ ਤਰਨਤਾਰਨ ਮਨਵੀਰ ਬੁੱਟਰ, ਆਬਕਾਰੀ ਅਫਸਰ ਫਿਰੋਜ਼ਪੁਰ ਕਰਨਬੀਰ ਮਾਹਲਾ, ਵਣ ਵਿਭਾਗ ਦੇ ਰੇਂਜ ਅਫ਼ਸਰ ਕਮਲਜੀਤ ਸਿੰਘ, ਆਬਕਾਰੀ ਨਿਰੀਖਿਕ ਅਮਨਬੀਰ ਸਿੰਘ, ਆਬਕਾਰੀ ਨਿਰੀਖਿਕ ਅਸ਼ੋਕ ਕੁਮਾਰ ਅਤੇ ਆਬਕਾਰੀ ਨਿਰੀਖਿਕ ਗੁਰਬਖਸ਼ ਸਿੰਘ ਸ਼ਾਮਿਲ ਸਨ।

ਜਾਣਕਾਰੀ ਦਿੰਦਿਆਂ ਆਬਕਾਰੀ ਅਫਸਰ ਤਰਨਤਾਰਨ ਮਨਵੀਰ ਬੁੱਟਰ ਨੇ ਦੱਸਿਆ ਕਿ ਰੇਡ ਦੌਰਾਨ ਤਕਰੀਬਨ 1,25,000 ਲੀਟਰ ਲਾਹਣ ਬਾਰਮਦ ਕੀਤੀ ਗਈ, ਜਿਸ ਹਰੀਕੇ ਝੀਲ ਦੇ ਖੇਤਰ ਤੋਂ ਬਾਹਰ ਲਿਜਾ ਕੇ ਮੌਕੇ ‘ਤੇ ਨਸ਼ਟ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਮੌਕੇ ‘ਤੇ 26 ਪਲਾਸਟਿਕ ਤਰਪਾਲ ਅਤੇ 10 ਲੋਹੇ ਦੇ ਡਰੰਮ ਬਰਾਮਦ ਵੀ ਕਰਕੇ ਕਬਜ਼ੇ ਵਿਚ ਲਏ ਗਏ ਹਨ। ਵਣ ਵਿਭਾਗ ਦੇ ਰੇਂਜ ਅਫ਼ਸਰ ਕਮਲਜੀਤ ਸਿੰਘ ਨੇ ਕਿਹਾ ਕਿ ਸ਼ਰਾਬ ਤਸਕਰਾਂ ਦੀ ਪਹਿਚਾਣ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਖਿਲਾਫ਼ ਜੰਗਲੀ-ਜੀਵ ਐਕਟ 1972 ਤਹਿਤ ਵੀ ਕੇਸ ਦਰਜ ਕੀਤਾ ਜਾਵੇਗਾ।

Posted By: Sunil Thapa