ਜਸਪਾਲ ਸਿੰਘ ਜੱਸੀ, ਤਰਨਤਾਰਨ : ਬਿਆਸ ਅਤੇ ਸਤਲੁਜ ਦਰਿਆ ਨਾਲ ਲੱਗਦੇ ਮੰਡ ਖੇਤਰ ਵਿਚ ਸੋਮਵਾਰ ਨੂੰ ਤਰਨਤਾਰਨ, ਅੰਮਿ੍ਰਤਸਰ ਅਤੇ ਫਿਰੋਜਪੁਰ ਜ਼ਿਲ੍ਹੇ ਦੇ ਆਬਕਾਰੀ ਵਿਭਾਗ ਨੇ ਆਪ੍ਰੇਸ਼ਨ ਰੈੱਡ ਰੋਜ਼ ਦੇ ਤਹਿਤ ਵੱਡੇ ਪੱਧਰ ’ਤੇ ਛਾਪੇਮਾਰੀ ਕੀਤੀ ਅਤੇ ਤਲਾਸ਼ੀ ਅਭਿਆਨ ਚਲਾਇਆ। ਇਸ ਦੌਰਾਨ ਇਕ ਲੱਖ ਕਿੱਲੋ ਤੋਂ ਵੱਧ ਲਾਹਣ ਅਤੇ ਦੋ ਲੱਖ ਮਿਲੀਲੀਟਰ ਦੇ ਕਰੀਬ ਨਾਜਾਇਜ਼ ਸ਼ਰਾਬ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਇੰਨਾ ਹੀ ਨਹੀਂ, ਨਾਜਾਇਜ਼ ਸ਼ਰਾਬ ਦੀ ਇਕ ਚਾਲੂ ਭੱਠੀ ਵੀ ਬਰਾਮਦ ਕੀਤੀ ਗਈ ਹੈ। ਵਿਭਾਗ ਨੇ ਬਰਾਮਦ ਹੋਈ ਲਾਹਣ ਅਤੇ ਸ਼ਰਾਬ ਨੂੰ ਮੌਕੇ ’ਤੇ ਹੀ ਨਸ਼ਟ ਕਰ ਦਿੱਤਾ।

ਜਲੰਧਰ ਜ਼ੋਨ ਦੇ ਡਿਪਟੀ ਕਮਿਸ਼ਨਰ ਆਬਕਾਰੀ ਸ਼ਾਲਿਨ ਵਾਲੀਆ ਦੇ ਨਿਰਦੇਸ਼ਾਂ ’ਤੇ ਕੀਤੀ ਗਈ ਇਸ ਛਾਪੇਮਾਰੀ ਦੀ ਅਗਵਾਈ ਅੰਮਿ੍ਤਸਰ ਰੇਂਜ ਦੇ ਏਸੀ ਸੁਖਚੈਨ ਸਿੰਘ ਨੇ ਕੀਤੀ। ਜਦੋਂਕਿ ਇਸ ਟੀਮ ਵਿਚ ਤਰਨਤਾਰਨ ਦੇ ਈਟੀਓ ਨਵਜੋਤ ਭਾਰਤੀ, ਅੰਮਿ੍ਤਸਰ ਦੇ ਈਟੀਓ ਹਿੰਮਤ ਸ਼ਰਮਾ, ਤਰਨਤਾਰਨ ਜ਼ਿਲ੍ਹੇ ਦੇ ਐਕਸਾਈਜ਼ ਇੰਸਪੈਕਟਰ ਜਤਿੰਦਰ ਸਿੰਘ ਅਮਰੀਕ ਸਿੰਘ, ਅੰਮਿ੍ਤਸਰ ਦੇ ਬਿਕਰਮਜੀਤ ਸਿੰਘ ਭੁੱਲਰ ਅਤੇ ਜੀਰਾ ਦੇ ਐਕਸਾਈਜ ਇੰਸਪੈਕਟਰ ਗੁਰਬਖਸ਼ ਸਿੰਘ ਤੋਂ ਇਲਾਵਾ ਤਰਨਤਾਰਨ ਅਤੇ ਫਿਰੋਜ਼ਪੁਰ ਜ਼ਿਲ੍ਹੇ ਦੀ ਐਕਸਾਈਜ਼ ਪੁਲਿਸ ਵੀ ਸ਼ਾਮਲ ਸੀ। ਅਧਿਕਾਰੀਆਂ ਨੇ ਦੱਸਿਆ ਕਿ ਬਿਆਸ ਅਤੇ ਸਤਲੁਜ ਦਰਿਆ ਦੇ ਖੇਤਰਾਂ ਪਿੰਡ ਕਿੜੀਆਂ, ਮਰੜ ਅਤੇ ਹਰੀਕੇ ਦੇ ਮੰਡ ਇਲਾਕੇ ’ਚ ਕੀਤੀ ਗਈ ਛਾਪੇਮਾਰੀ ਦੇ ਦੌਰਾਨ 1 ਲੱਖ 12 ਹਜ਼ਾਰ ਕਿੱਲੋ ਲਾਹਣ, 180 ਲੀਟਰ ਨਜਾਇਜ਼ ਸ਼ਰਾਬ, ਇਕ ਚਾਲੂ ਭੱਠੀ, 35 ਤਰਪਾਲਾਂ, 4 ਲੋਹੇ ਦੇ ਡਰੰਮ, 1 ਪਲਾਸਟਿਕ ਦਾ ਡਰੰਮ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਬਰਾਮਦ ਹੋਈ ਲਾਹਣ ਅਤੇ ਸ਼ਰਾਬ ਨੂੰ ਨਸ਼ਟ ਕਰ ਦਿੱਤਾ ਗਿਆ ਹੈ।

ਐਤਵਾਰ ਨੂੰ ਵੀ ਹੋਈ ਸੀ ਬਿਆਸ ਦਰਿਆ ਦੇ ਮੰਡ ਖੇਤਰ ਚੋਂ ਵੱਡੀ ਬਰਾਮਦਗੀ

ਆਪ੍ਰੇਸ਼ਨ ਰੈਂਡ ਰੋਜ਼ ਦੇ ਤਹਿਤ ਐਤਵਾਰ ਨੂੰ ਵੀ ਆਬਕਾਰੀ ਸਰਕਲ ਫਤਿਆਬਾਦ ਅਧੀਨ ਗਗੜੇਵਾਲ ਪਿੰਡ ਵਿਚ ਚਲਾਏ ਗਏ ਤਲਾਸ਼ੀ ਅਭਿਆਨ ਦੌਰਾਨ ਜਿਥੇ 85 ਹਜਾਰ ਕਿੱਲੋ ਲਾਹਣ ਹੱਥ ਲੱਗੀ ਸੀ। ਉਥੇ ਹੀ 75 ਹਜਾਰ 500 ਮਿਲੀਲੀਟਰ ਨਜਾਇਜ਼ ਸ਼ਰਾਬ ਸਮੇਤ ਇਕ ਚਾਲੂ ਭੱਠੀ ਵੀ ਬਰਾਮਦ ਹੋਈ ਹੈ। ਜਦੋਂਕਿ 10 ਤਰਪਾਲਾਂ, 6 ਲੋਹੇ ਦੇ ਡਰੰਮ, 14 ਪਲਾਸਟਿਕ ਦੇ ਡਰੰਮ, ਦੋ ਪਲਾਸਟਿਕ ਦੇ ਕੰਨਟੇਨਰ ਵੀ ਇਸ ਛਾਪੇਮਾਰੀ ਦੌਰਾਨ ਬਰਾਮਦ ਹੋਏ ਹਨ।

ਈਟੀਓ ਨਵਜੋਤ ਭਾਰਤੀ ਦਾ ਕਹਿਣਾ ਹੈ ਕਿ ਉਕਤ ਲਾਹਣ ਅਤੇ ਸ਼ਰਾਬ ਨੂੰ ਨਸ਼ਟ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਨਜਾਇਜ਼ ਸ਼ਰਾਬ ਦੇ ਕਾਰੋਬਾਰ ਨੂੰ ਰੋਕਣ ਲਈ ਇਹ ਕਾਰਵਾਈ ਲਗਤਾਰ ਜਾਰੀ ਰਹੇਗੀ। ਦੱਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਵੀ ਹਰੀਕੇ, ਚੋਹਲਾ ਸਾਹਿਬ ਖੇਤਰ ਦੇ ਪਿੰਡਾਂ ਵਿਚ ਮੰਡ ਇਲਾਕੇ ’ਚੋਂ ਲੱਖਾਂ ਕਿੱਲੋ ਲਾਹਣ ਅਤੇ ਨਜਾਇਜ਼ ਸ਼ਰਾਬ ਬਰਾਮਦ ਕੀਤੀ ਜਾ ਚੁੱਕੀ ਹੈ। ਜਿਸ ਸਬੰਧੀ ਕਈ ਲੋਕਾਂ ਖ਼ਿਲਾਫ਼ ਕੇਸ ਵੀ ਦਰਜ ਹਨ।

Posted By: Jagjit Singh