ਜਸਪਾਲ ਸਿੰਘ ਜੱਸੀ, ਤਰਨਤਾਰਨ : ਫੇਸਬੁੱਕ 'ਤੇ ਵੀਡੀਓ ਪਾਉਣ ਨੂੰ ਲੈ ਕੇ ਹੋਏ ਤਕਰਾਰ ਦੇ ਚੱਲਦਿਆਂ ਇਕ ਸਾਬਕਾ ਫ਼ੌਜੀ ਨੇ ਗੋਲ਼ੀ ਮਾਰ ਕੇ ਪਿੰਡ ਦੇ ਹੀ ਨੌਜਵਾਨ ਦਾ ਕਤਲ ਕਰ ਦਿੱਤਾ। ਮਰਨ ਵਾਲਾ ਪਰਿਵਾਰ ਦਾ ਇਕਲੌਤਾ ਪੁੱਤਰ ਸੀ ਤੇ ਪਿੰਡ ਵਿਚ ਹੀ ਮੈਡੀਕਲ ਸਟੋਰ ਚਲਾਉਂਦਾ ਸੀ। ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੇ ਲਾਸ਼ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪਿੰਡ ਨੂਰਦੀ ਨਿਵਾਸੀ ਪਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਸੁਖਚੈਨ ਸਿੰਘ ਪਿੰਡ ਵਿਚ ਹੀ ਮੈਡੀਕਲ ਸਟੋਰ ਚਲਾਉਂਦਾ ਹੈ। ਪਿੰਡ ਵਿਚ ਇਕ ਸਾਬਕਾ ਫੌਜੀ ਵੱਲੋਂ ਸ਼ੋਸ਼ਲ ਮੀਡੀਆ 'ਤੇ ਪਾਈ ਵੀਡੀਓ ਨੂੰ ਲੈ ਕੇ ਕੁਝ ਤਕਰਾਰ ਹੋਇਆ ਸੀ ਜਿਸ ਕਾਰਨ ਉਹ ਉਨ੍ਹਾਂ ਨਾਲ ਗੱਲ ਕਰਨ ਲਈ ਗਿਆ ਸੀ। ਜਿੱਥੇ ਸਾਬਕਾ ਫੌਜੀ ਜਸਬੀਰ ਸਿੰਘ ਦੇ ਪਰਿਵਾਰ ਨੇ ਉਸ ਨੂੰ ਘੇਰ ਲਿਆ ਤੇ ਜਸਬੀਰ ਸਿੰਘ ਨੇ ਦੋ ਗੋਲ਼ੀਆਂ ਸੁਖਚੈਨ ਸਿੰਘ 'ਤੇ ਦਾਗ ਦਿੱਤੀਆਂ ਜਿਸ ਕਾਰਨ ਉਸ ਦੀ ਮੌਤ ਹੋ ਗਈ। ਘਟਨਾ ਦਾ ਪਤਾ ਚੱਲਦਿਆਂ ਥਾਣਾ ਸਿਟੀ ਦੇ ਸਬ ਇੰਸਪੈਕਟਰ ਮਨਮੋਹਨ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਅਤੇ ਲਾਸ਼ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਪਰਿਵਾਰ ਨੇ ਸਾਬਕਾ ਫ਼ੌਜੀ ਜਸਬੀਰ ਸਿੰਘ ਵੱਲੋਂ ਗੋਲੀ ਚਲਾਉਣ ਦੀ ਗੱਲ ਕਹੀ ਹੈ, ਬਾਕੀ ਜੋ ਨਾਂ ਉਹ ਦੱਸਣਗੇ ਉਨ੍ਹਾਂ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਜਾਵੇਗਾ।

Posted By: Seema Anand