ਜਸਪਾਲ ਸਿੰਘ ਜੱਸੀ, ਤਰਨਤਾਰਨ : ਨਾਰਕੋਟਿਕ ਸੈੱਲ ਤਰਨਤਾਰਨ ਦੀ ਪੁਲਿਸ ਨੇ ਖੁਫੀਆ ਸੂਚਨਾ ਦੇ ਅਧਾਰ 'ਤੇ ਭਾਰਤ-ਪਾਕਿ ਸਰਹੱਦ ਦੀ ਸਿਫ਼ਰ ਲਕੀਰ ਨੇੜੇ ਕਣਕ ਦੇ ਵੱਢ 'ਚ ਨੱਪੀ ਹੈਰੋਇਨ ਤੇ ਅਫੀਮ ਦੀ ਖੇਪ ਬਰਾਮਦ ਕੀਤੀ ਹੈ। 2 ਕਿੱਲੋ ਤੋਂ ਵੱਧ ਹੈਰੋਇਨ ਪਲਾਸਟਿਕ ਦੀ ਬੋਤਲ 'ਚ ਪਾ ਕੇ ਨੱਪੀ ਗਈ ਸੀ। ਇਸ ਸਬੰਧੀ ਥਾਣਾ ਸਦਰ ਪੱਟੀ 'ਚ ਅਣਪਛਾਤੇ ਲੋਕਾਂ ਖ਼ਿਲਾਫ਼ ਕੇਸ ਦਰਜ ਕਰ ਕੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਐੱਸਐੱਸਪੀ ਧਰੁਵ ਦਹੀਆ ਨੇ ਬੁੱਧਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਭਾਰਤ-ਪਾਕਿ ਸਰਹੱਦ 'ਤੇ ਬੀਐੱਸਐੱਫ ਦੀ ਚੌਕੀ ਝੁੱਗੀਆਂ ਨੂਰ ਮੁਹੰਮਦ ਦੇ ਪਿੱਲਰ ਨੰਬਰ 173/0 ਕੋਲ ਭਾਰਤ ਵਾਲੇ ਪਾਸੇ ਕਣਕ ਦੇ ਵੱਢ 'ਚ ਹੈਰੋਇਨ ਤੇ ਅਫੀਮ ਦੀ ਖੇਪ ਨੱਪੀ ਗਈ ਹੈ। ਸੂਚਨਾ ਦੇ ਅਧਾਰ 'ਤੇ ਐੱਸਪੀ ਜਾਂਚ ਜਗਜੀਤ ਸਿੰਘ ਵਾਲੀਆ, ਡੀਐੱਸਪੀ ਜਾਂਚ ਕਮਲਜੀਤ ਸਿੰਘ ਔਲਖ ਦੀ ਅਗਵਾਈ ਹੇਠ ਥਾਣਾ ਸਿਟੀ ਤਰਨਤਾਰਨ ਦੇ ਮੁਖੀ ਇੰਸਪੈਕਟਰ ਪ੍ਰਭਜੀਤ ਸਿੰਘ ਅਤੇ ਨਾਰਕੋਟਿਕ ਸੈੱਲ ਤਰਨਤਾਰਨ ਦੇ ਇੰਚਾਰਜ ਏਐੱਸਆਈ ਗੁਰਦਿਆਲ ਸਿੰਘ 'ਤੇ ਅਧਾਰਤਿ ਟੀਮ ਨੂੰ ਮੌਕੇ 'ਤੇ ਤਲਾਸ਼ੀ ਅਭਿਆਨ ਲਈ ਤਾਇਨਾਤ ਕੀਤਾ ਗਿਆ ਜਿਨ੍ਹਾਂ ਨੇ ਝੁੱਗੀਆਂ ਨੂਰ ਮੁਹੰਮਦ ਪੋਸਟ ਦੇ ਇੰਚਾਰਜ ਬੀਐੱਸਐੱਫ ਦੇ ਇੰਸਪੈਕਟਰ ਉਦੈ ਭਾਨ ਯਾਦਵ ਨੂੰ ਨਾਲ ਲੈ ਕੇ ਜਦੋਂ ਤਲਾਸ਼ੀ ਸ਼ੁਰੂ ਕੀਤੀ ਤਾਂ ਕਣਕ ਦੇ ਵੱਢ 'ਚ ਕਰੀਬ ਇਕ ਫੁੱਟ ਡੂੰਘੀ ਨੱਪੀ ਗਈ ਪਲਾਸਟਿਕ ਦੀ ਬੋਤਲ 'ਚੋਂ 2 ਕਿੱਲੋ 20 ਗ੍ਰਾਮ ਹੈਰੋਇਨ ਤੇ ਨਾਲ ਹੀ ਲਿਫ਼ਾਫ਼ੇ 'ਚ ਰੱਖੀ 280 ਗ੍ਰਾਮ ਅਫੀਮ ਬਰਾਮਦ ਹੋਈ। ਐੱਸਐੱਸਪੀ ਦਹੀਆ ਨੇ ਦੱਸਿਆ ਕਿ ਥਾਣਾ ਸਦਰ ਪੱਟੀ 'ਚ ਐੱਨਡੀਪੀਐੱਸ ਐਕਟ ਦੀਆਂ ਧਾਰਾਵਾਂ ਤਹਿਤ ਅਣਪਛਾਤੇ ਲੋਕਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਤੇ ਜਲਦ ਉਨ੍ਹਾਂ ਨੂੰ ਬੇਪਰਦਾ ਕਰ ਲਿਆ ਜਾਵੇਗਾ।

Posted By: Seema Anand