ਤੇਜਿੰਦ ਸਿੰਘ ਬੱਬੂ, ਝਬਾਲ : ਭਾਰਤ-ਪਾਕਿ ਸਰਹੱਦ ਦੇ ਪਿੰਡ ਨੌਸ਼ਹਿਰਾ ਢਾਲਾ ’ਚ ਪਾਕਿਸਤਾਨੀ ਡਰੋਨ ਦਿਖਾਈ ਦੇਣ ਦੀ ਸੂਚਨਾ ਹੈ। ਹਾਲਾਂਕਿ ਡਰੋਨ ਦੀ ਆਮਦ ਦੇ ਚਲਦਿਆਂ ਬੀਐੱਸਐੱਫ ਦੇ ਜਵਾਨਾਂ ਵੱਲੋਂ ਸਵੇਰ ਤੋਂ ਹੀ ਇਲਾਕੇ ਵਿਚ ਤਲਾਸ਼ੀ ਅਭਿਆਨ ਚਲਾਇਆ ਗਿਆ। ਹੁਣ ਤਕ ਕਿਸੇ ਸ਼ੱਕੀ ਵਸਤੂ ਮਿਲਣ ਦੀ ਗੱਲ ਸਾਹਮਣੇ ਨਹੀਂ ਆਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬੁੱਧਵਾਰ ਦੀ ਰਾਤ ਨੂੰ ਨੌਸ਼ਹਿਰਾ ਢਾਲਾ ਪਿੰਡ ਕੋਲ ਤਾਇਨਾਤ ਬੀਐੱਸਐੱਫ ਦੇ ਜਵਾਨਾਂ ਨੇ ਗੇਟ ਨੰਬਰ 121 ਦੇ ਕੋਲ ਪਾਕਿਸਤਾਨ ਵੱਲੋਂ ਆਏ ਡਰੋਨ ਦੀ ਹਰਕਤ ਮਹਿਸੂਸ ਕੀਤੀ। ਜਿਸ ਦੇ ਚਲਦਿਆਂ ਦਿਨ ਚੜ੍ਹਦਿਆਂ ਹੀ ਬੀਐੱਸਐੱਫ ਨੇ ਇਲਾਕੇ ਵਿਚ ਤਲਾਸ਼ੀ ਅਭਿਆਨ ਸ਼ੁਰੂ ਕਰ ਦਿੱਤਾ। ਇਥੇ ਦੱਸਣਾ ਬਣਦਾ ਹੈ ਕਿ ਤਰਨਤਾਰਨ ਜ਼ਿਲ੍ਹੇ ’ਚ ਲਗਦੀ ਪਾਕਿਸਤਾਨ ਦੀ ਸਰਹੱਦ ਵੱਲੋਂ ਕਈ ਵਾਰ ਡਰੋਨ ਦੀ ਆਮਦ ਹੋ ਚੁੱਕੀ ਹੈ। ਜਿਨ੍ਹਾਂ ਨੂੰ ਬੀਐੱਸਐੱਫ ਵੱਲੋਂ ਗੋਲੀਬਾਰੀ ਕਰਕੇ ਖਦੇੜ ਦਿੱਤਾ ਜਾਂਦਾ ਰਿਹਾ ਹੈ। ਹਾਲਾਂਕਿ ਕੁਝ ਮਹੀਨੇ ਪਹਿਲਾਂ ਡਰੋਨ ਰਾਂਹੀ ਭੇਜੀ ਗਈ 6 ਪੈਕੇਟ ਹੈਰੋਇਨ ਨੌਸ਼ਹਿਰਾ ਢਾਲਾ ਤੋਂ ਕੁਝ ਦੂਰੀ ਤੇ ਹਵੇਲੀਆਂ ਪਿੰਡ ਦੇ ਖੇਤਰ ਵਿਚੋਂ ਬਰਾਮਦ ਹੋ ਚੁੱਕੀ ਹੈ। ਪੰਜਾਬ ਵਿਚੋਂ ਆਏ ਦਿਨ ਮਿਲ ਰਹੇ ਟਿਫਨ ਬੰਬ, ਹੱਥ ਗੋਲ੍ਹੇ ਤੇ ਹੋਰ ਅਸਲ੍ਹੇ ਸਬੰਧੀ ਸ਼ੰਕਾ ਜਿਤਾਈ ਜਾ ਰਹੀ ਹੈ ਕਿ ਇਹ ਸਮੱਗਰੀ ਡਰੋਨ ਰਾਂਹੀ ਤਾਂ ਨਹੀਂ ਭੇਜੀ ਰਹੀ।

Posted By: Sarabjeet Kaur