ਤਰਨਤਾਰਨ, 1983 'ਚ ਹੋਈ ਡਾ. ਸੁਦਰਸ਼ਨ ਤ੍ਰੇਹਨ ਦੀ ਹੱਤਿਆ ਮਾਮਲੇ 'ਚ ਤਰਨਤਾਰਨ ਪੁਲਿਸ ਨੇ 35 ਸਾਲ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਤੇ ਸਾਬਕਾ ਸੀਪੀਐੱਮ ਪ੍ਰੋ. ਵਿਰਸਾ ਸਿੰਘ ਵਲਟੋਹਾ ਖ਼ਿਲਾਫ਼ ਜੇਐੱਮਆਈਸੀ ਪੱਟੀ ਮਨੀਸ਼ ਗਰਗ ਦੀ ਅਦਾਲਤ 'ਚ ਪੇਸ਼ ਕੀਤਾ ਗਿਆ। ਅਦਾਲਤ ਨੇ ਪ੍ਰੋ. ਵਲਟੋਹਾ ਨੂੰ ਸੰਮਨ ਭੇਜ ਕੇ 13 ਮਾਰਚ ਨੂੰ ਪੇਸ਼ ਹੋਣ ਲਈ ਕਿਹਾ ਹੈ।

30 ਸਤੰਬਰ 1983 ਨੂੰ ਸ਼ਾਮ 4 ਵਜੇ ਰੇਲਵੇ ਸਟੇਸ਼ਨ ਪੱਟੀ ਕੋਲ ਤ੍ਰੇਹਨ ਕਲੀਨਿਕ 'ਚ ਤਿੰਨ ਲੋਕਾਂ ਨੇ ਡਾ. ਸੁਰਦਰਸ਼ਨ ਤ੍ਰੇਹਨ 'ਤੇ ਗੋਲੀਆਂ ਚਲਾਈਆਂ ਸਨ। ਹੱਤਿਆਕਾਂਡ ਮਗਰੋਂ ਥਾਣਾ ਪੱਟੀ 'ਚ ਮੁਕੱਦਮਾ ਦਰਜ ਕੀਤਾ ਗਿਆ ਸੀ। ਬਾਅਦ 'ਚ ਪੁਲਿਸ ਨੇ ਪਿੰਡ ਭੂਰਾ ਕੋਹਨਾ ਨਿਵਾਸੀ ਹਰਦੇਵ ਸਿੰਘ ਪੁੱਤਰ ਸੁਖਦੇਵ ਸਿੰਘ ਅਤੇ ਬਲਦੇਵ ਸਿੰਘ ਪੁੱਤਰ ਦੀਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਸੀ।

ਦੋਸ਼ੀਆਂ ਤੋਂ ਪੁੱਛਗਿੱਛ 'ਚ ਪਤਾ ਲੱਗਾ ਕਿ ਹੱਤਿਆਕਾਂਡ 'ਚ ਵਿਰਸਾ ਸਿੰਘ ਵਲਟੋਹਾ ਵੀ ਸ਼ਾਮਿਲ ਹੈ। ਜੂਨ 1984 'ਚ ਆਪਰੇਸ਼ਨ ਬਲੂ ਸਟਾਰ ਦੌਰਾਨ ਵਿਰਸਾ ਸਿੰਘ ਵਲਟੋਹਾ ਨੂੰ ਗ੍ਰਿਫ਼ਤਾਰ ਕਰ ਕੇ ਤਿਹਾੜ ਜੇਲ੍ਹ 'ਚ ਬੰਦ ਕਰ ਦਿੱਤਾ ਗਿਆ ਸੀ। 6 ਨਵੰਬਰ 1990 ਨੂੰ ਅੰਮ੍ਰਿਤਸਰ ਦੀ ਅਦਾਲਤ ਨੇ ਉਕਤ ਦੋਨਾਂ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਸੀ ਜਦਕਿ ਵਿਰਸਾ ਸਿੰਘ ਵਲਟੋਹਾ ਨੂੰ ਭਗੌੜਾ ਐਲਾਨ ਕਰ ਦਿੱਤਾ ਸੀ। ਜੁਲਾਈ 1991 'ਚ ਵਿਰਸਾ ਸਿੰਘ ਵਲਟੋਹਾ ਜੇਲ੍ਹ ਤੋਂ ਰਿਹਾ ਹੋਇਆ। ਉਨ੍ਹਾਂ ਜੇਲ੍ਹ 'ਚ ਹੀ ਪ੍ਰੋਫੈਸਰ ਦੀ ਡਿਗਰੀ ਵੀ ਮੁਕੰਮਲ ਕਰ ਲਈ। ਉੱਥੇ ਹੀ ਇਸ ਹੱਤਿਆਕਾਂਡ ਨਾਲ ਸਬੰਧਿਤ ਫਾਇਲ ਪੁਲਿਸ ਰਿਕਾਰਡ 'ਚੋਂ ਕਥਿਤ ਤੌਰ 'ਤੇ ਸਿਆਸੀ ਦਬਾਅ ਕਾਰਨ ਗਾਇਬ ਕਰ ਦਿੱਤੀ ਗਈ।

2007 ਦੇ ਵਿਧਾਨ ਸਭਾ ਚੋਣਾਂ 'ਚ ਨਹੀਂ ਦਿੱਤੀ ਸੀ ਕਮਿਸ਼ਨ ਨੂੰ ਜਾਣਕਾਰੀ

ਦੂਸਰੇ ਪਾਸੇ ਸੂਬੇ 'ਚ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੇ ਸਮੇਂ ਪ੍ਰੋ. ਵਲਟੋਹਾ ਐੱਸਐੱਸ ਬੋਰਡ ਦੇ ਮੈਂਬਰ ਬਣ ਗਏ। 2007 'ਚ ਉਨ੍ਹਾਂ ਨੇ ਵਿਧਾਨਸਭਾ ਚੋਣਾਂ 'ਚ ਸ੍ਰੋਮਣੀ ਅਕਾਲੀ ਦਲ ਦੀ ਟਿਕਟ 'ਤੇ ਚੋਣ ਲੜੀ ਪਰ ਚੋਣ ਕਮਿਸ਼ਨ ਨੂੰ ਉਕਤ ਮਾਮਲੇ ਦੀ ਜਾਣਕਾਰੀ ਨਹੀਂ ਦਿੱਤੀ। ਦੂਜੀ ਵਾਰ 2012 'ਚ ਖੇਮਕਰਣ ਖੇਤਰ ਤੋਂ ਚੋਣ ਲੜ ਕੇ ਵਿਧਾਇਕ ਬਣੇ ਅਤੇ ਬਾਦਲ ਸਰਕਾਰ 'ਚ ਉਨ੍ਹਾਂ ਨੂੰ ਸੀਪੀਐੱਸ ਬਣਾ ਦਿੱਤਾ ਗਿਆ ਸੀ।

ਘਟੀਆ ਰਾਜਨੀਤੀ ਕਰ ਰਹੀ ਹੈ ਕਾਂਗਰਸ : ਪ੍ਰੋ.ਵਲਟੋਹਾ

ਪ੍ਰੋ. ਵਿਰਸਾ ਸਿੰਘ ਵਲਟੋਹਾ ਦਾ ਕਹਿਣਾ ਹੈ ਕਿ ਲੋਕ ਸਭਾ ਚੋਣਾਂ ਦਾ ਮੱਦੇਨਜ਼ਰ ਸ੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਲਈ ਕਾਂਗਰਸ ਘਟੀਆ ਰਾਜਨੀਤੀ 'ਤੇ ਉਤਰ ਆਈ ਹੈ। ਇਸ ਅਧੀਨ ਪੁਲਿਸ ਜ਼ਰੀਏ ਉਨ੍ਹਾਂ ਖ਼ਿਲਾਫ਼ ਅਦਾਲਤ 'ਚ ਸਪਲੀਮੈਂਟ ਚਲਾਨ ਪੇਸ਼ ਕੀਤਾ ਗਿਆ ਹੈ। ਡਾ. ਸੁਰਦਰਸ਼ਨ ਹੱਤਿਆਕਾਂਡ ਨਾਲ ਮੇਰਾ ਕੋਈ ਵਾਸਤਾ ਨਹੀਂ ਹੈ।

Posted By: Susheel Khanna