ਤੇਜਿੰਦਰ ਸਿੰਘ ਬੱਬੂ, ਸਰਾਏ ਅਮਾਨਤ ਖਾਂ : ਭਾਰਤ-ਪਾਕਿ ਸਰਹੱਦ ਨੇੜੇ ਵੱਸੇ ਪਿੰਡ ਨੌਸ਼ਹਿਰਾ ਢਾਲਾ ਵਿਖੇ ਡੇਢ ਮਹੀਨੇ 'ਚ ਅਣਖ ਖ਼ਾਤਰ ਦੂਸਰੀ ਵੱਡੀ ਘਟਨਾ ਵਾਪਰਨ ਕਾਰਨ ਸਰਹੱਦੀ ਖੇਤਰ 'ਚ ਦਹਿਸ਼ਤ ਦਾ ਮਹੌਲ ਹੈ। ਐਤਵਾਰ ਸਵੇਰੇ ਪ੍ਰੇਮ ਵਿਆਹ ਕਰਵਾਉਣ ਵਾਲੇ ਜੋੜੇ ਦਾ ਲੜਕੀ ਦੇ ਭਰਾਵਾਂ ਨੇ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਸ ਘਟਨਾ 'ਚ ਲੜਕੇ ਦੀ ਜਿੱਥੇ ਮੌਕੇ 'ਤੇ ਮੌਤ ਹੋ ਗਈ ਉੱਥੇ ਹੀ ਲੜਕੀ ਨੇ ਹਸਪਤਾਲ 'ਚ ਦਮ ਤੋੜ ਦਿੱਤਾ। ਘਟਨਾ ਦਾ ਪਤਾ ਚੱਲਦਿਆਂ ਹੀ ਡੀਐੱਸਪੀ ਸਿਟੀ ਕੰਵਲਵਜੀਤ ਸਿੰਘ ਔਲਖ ਪੁਲਿਸ ਪਾਰਟੀ ਸਮੇਤ ਪੁੱਜੇ। ਇਸ ਸਬੰਧੀ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਹੱਤਿਆ ਦਾ ਕੇਸ ਦਰਜ ਕਰ ਕੇ ਲਾਸ਼ਾਂ ਕਬਜ਼ੇ 'ਚ ਲੈ ਲਈਆਂ।

Dope Test ਲਈ ਪਤਨੀ ਦਾ ਪਿਸ਼ਾਬ ਲਿਆਇਆ ਨਸ਼ੇੜੀ ਹੈੱਡਕਾਂਸਟੇਬਲ, Testing Machine 'ਚ ਫੜਿਆ ਗਿਆ

ਸੁਖਦੇਵ ਸਿੰਘ ਨੇ ਦੱਸਿਆ ਕਿ ਉਸ ਦੇ ਲੜਕੇ ਅਮਨਦੀਪ ਸਿੰਘ ਦਾ ਪਿੰਡ ਗਹਿਰੀ ਦੀ ਅਮਨਪ੍ਰੀਤ ਕੌਰ ਨਾਲ ਚਾਰ ਮਹੀਨੇ ਪਹਿਲਾਂ ਪ੍ਰੇਮ ਵਿਆਹ ਹੋਇਆ ਸੀ। ਪਰ ਲੜਕੀ ਪਰਿਵਾਰ ਦੇ ਕੁਝ ਮੈਂਬਰ ਇਸ ਤੋਂ ਨਰਾਜ਼ ਸਨ। ਐਤਵਾਰ ਸਵੇਰੇ 8 ਵਜੇ ਉਸ ਦਾ ਲੜਕਾ ਤੇ ਨੂੰਹ ਘਰੋਂ ਦਵਾਈ ਲੈਣ ਆਪਣੇ ਮੋਟਰਸਾਈਕਲ ਨੰਬਰ ਪੀਬੀ 46 ਪੀ 6068 'ਤੇ ਗਏ ਸੀ। ਦਵਾਈ ਲੈ ਕੇ ਜਦੋਂ ਉਹ ਵਾਪਸ ਆ ਰਹੇ ਸੀ ਤਾਂ ਉਨ੍ਹਾਂ ਨੂੰ ਕੁਝ ਲੋਕਾਂ ਨੇ ਗੱਡੀ ਦੀ ਟੱਕਰ ਮਾਰ ਕੇ ਥੱਲੇ ਸੁੱਟ ਦਿੱਤਾ ਅਤੇ ਅਗਵਾ ਕਰ ਕੇ ਗੋਲ਼ੀਆਂ ਤੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਡੀਐਸਪੀ ਸਿਟੀ ਕੰਵਲਜੀਤ ਸਿੰਘ ਨੇ ਦੱਸਿਆ ਕਿ ਅਗਵਾ ਕਰ ਕੇ ਕਤਲ ਕਰਨ ਦੇ ਦੋਸ਼ਾਂ ਤਹਿਤ ਥਾਣਾ ਸਰਾਏ ਅਮਾਨਤ ਖਾਂ ਵਿਖੇ ਲੜਕੀ ਦੇ ਪਿਤਾ ਅਮਰਜੀਤ ਸਿੰਘ ਪੁੱਤਰ ਸਰਵਨ ਸਿੰਘ, ਭਰਾ ਮਨਜੀਤ ਸਿੰਘ ਪੁੱਤਰ ਅਮਰਜੀਤ ਸਿੰਘ, ਤਾਏ ਦੇ ਲੜਕੇ ਗੁਭਿੰਦਰ ਸਿੰਘ, ਸੁਰਜੀਤ ਸਿੰਘ ਪੁੱਤਰਾਨ ਮੇਵਾ ਸਿੰਘ ਅਤੇ ਹਰਵਿੰਦਰ ਸਿੰਘ ਬੋਂਸੀ ਪੁੱਤਰ ਕਰਨੈਲ ਸਿੰਘ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਘਟਨਾ ਉਪਰੰਤ ਪੁਲਿਸ ਦੀਆਂ ਟੀਮਾਂ ਬਣਾ ਕੇ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਭੇਜ ਦਿੱਤੀਆਂ ਗਈਆਂ ਹਨ। ਜਲਦ ਹੀ ਉਨ੍ਹਾਂ ਕਾਬੂ ਕਰ ਲਿਆ ਜਾਵੇਗਾ।

ਜ਼ਿਕਰਯੋਗ ਹੈ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਲੜਕੀ ਦੇ ਪਿਤਾ ਅਮਰਜੀਤ ਸਿੰਘ ਅਤੇ ਮਾਤਾ ਵੀ ਪੁੱਜ ਗਈ, ਜਿਨ੍ਹਾਂ ਡੀਐੱਸਪੀ ਕੰਵਲਜੀਤ ਸਿੰਘ ਔਲਖ ਨੂੰ ਬਿਆਨ ਦਿੰਦਿਆਂ ਕਿਹਾ ਕਿ ਇਸ ਘਟਨਾ ਵਿਚ ਉਨ੍ਹਾਂ ਦਾ ਕੋਈ ਕਸੂਰ ਨਹੀਂ ਹੈ। ਉਸ ਦੀ ਲੜਕੀ ਅਤੇ ਜਵਾਈ ਦੀ ਹੱਤਿਆ ਉਸ ਦੇ ਭਤੀਜਿਆਂ ਨੇ ਕੀਤੀ ਹੈ। ਹਾਲਾਂਕਿ ਪੁਲਿਸ ਨੇ ਦੋਵਾਂ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

Posted By: Seema Anand