ਜਸਪਾਲ ਸਿੰਘ ਜੱਸੀ, ਤਰਨਤਾਰਨ :

ਜ਼ਿਲ੍ਹਾ ਤਰਨਤਾਰਨ ਦੀਆਂ ਮੰਡੀਆਂ ਵਿਚ ਝੋਨੇ ਦੀ ਖਰੀਦ ਪ੍ਰਕਿਰਿਆ ਨਿਰਵਿਘਨ ਤੇ ਸੁਚਾਰੂ ਢੰਗ ਨਾਲ ਚੱਲ ਰਹੀ ਹੈ। ਡਿਪਟੀ ਕਮਿਸ਼ਨਰ ਮੋਨੀਸ਼ ਕੁਮਾਰ ਨੇ ਦੱਸਿਆ ਕਿ ਅੱਜ ਤਕ ਜ਼ਿਲ੍ਹੇ ਦੀ ਮੰਡੀਆਂ ਵਿਚ 44 ਹਜ਼ਾਰ 363 ਮੀਟਿ੍ਕ ਟਨ ਝੋਨੇ ਦੀ ਆਮਦ ਹੋਈ ਹੈ, ਜਿਸ ਵਿਚੋਂ 35,331 ਮੀਟਿ੍ਕ ਟਨ ਝੋਨੇ ਦੀ ਖ਼ਰੀਦ ਵੱਖ-ਵੱਖ ਏਜੰਸੀਆਂ ਵੱਲੋਂ ਕੀਤੀ ਜਾ ਚੁੱਕੀ ਹੈ। ਡੀਸੀ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਝੋਨੇ ਦੀ ਸੁਚਾਰੂ ਖਰੀਦ ਕਰਨ ਲਈ 60 ਖਰੀਦ ਕੇਂਦਰ ਬਣਾਏ ਗਏ ਹਨ, ਜਿਨਾਂ੍ਹ ਵਿਚੋਂ 55 ਖਰੀਦ ਕੇਂਦਰਾਂ 'ਤੇ ਫਸਲ ਦੀ ਆਮਦ ਸ਼ੁਰੂ ਹੋ ਚੁੱਕੀ ਹੈ ਅਤੇ 37 ਖਰੀਦ ਕੇਂਦਰਾਂ 'ਤੇ ਫ਼ਸਲ ਦੀ ਖਰੀਦ ਪ੍ਰਕਿਰਿਆ ਜਾਰੀ ਹੈ।

ਉਨਾਂ੍ਹ ਦੱਸਿਆ ਕਿ 6 ਅਕਤੂਬਰ ਤਕ ਪਨਗਰੇਨ ਵੱਲੋਂ 15 ਹਜ਼ਾਰ 130 ਮੀਟਿ੍ਕ ਟਨ, ਮਾਰਕਫੈੱਡ ਵੱਲੋਂ 9624 ਮੀਟਿ੍ਕ ਟਨ, ਪਨਸਪ ਵੱਲੋਂ 6191 ਮੀਟਿ੍ਕ ਟਨ, ਪੰਜਾਬ ਸਟੇਟ ਵੇਅਰ ਕਾਰਪੋਰੇਸ਼ਨ ਵੱਲੋਂ 3022 ਮੀਟਿ੍ਕ ਟਨ ਝੋਨੇ ਦੀ ਖਰੀਦ ਕੀਤੀ ਗਈ ਹੈ। ਇਸ ਤੋਂ ਇਲਾਵਾ ਵਪਾਰੀਆਂ ਵੱਲੋਂ ਵੀ 1363 ਮੀਟਿ੍ਕ ਟਨ ਝੋਨਾ ਖਰੀਦਿਆ ਗਿਆ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਤਕ ਜ਼ਿਲ੍ਹੇ ਦੇ ਕਿਸਾਨਾਂ ਨੂੰ ਖਰੀਦ ਕੀਤੇ ਗਏ ਝੋਨੇ ਦੀ 16.13 ਕਰੋੜ ਰੁਪਏ ਦੀ ਅਦਾਇਗੀ ਆੱਨਲਾਈਨ ਤਰੀਕੇ ਰਾਹੀਂ ਕੀਤੀ ਗਈ ਹੈ।

ਡਿਪਟੀ ਕਮਿਸ਼ਨਰ ਨੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਮੰਡੀਆਂ ਵਿਚੋਂ ਖਰੀਦ ਕੀਤੇ ਗਏ ਝੋਨੇ ਦੀ ਚੁਕਾਈ ਨਾਲ ਦੀ ਨਾਲ ਕਰਨ ਲਈ ਲੋੜੀਂਦੇ ਪ੍ਰਬੰਧ ਕੀਤੇ ਜਾਣ ਅਤੇ ਮੰਡੀਆਂ ਵਿਚ ਕਿਸਾਨਾਂ ਨੂੰ ਕੋਈ ਦਿੱਕਤ ਨਾ ਆਉਣ ਦਿੱਤੀ ਜਾਵੇ। ਉਨਾਂ੍ਹ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕੇਵਲ ਪੂਰੇ ਪੱਕੇ ਹੋਏ ਝੋਨੇ ਦੀ ਹੀ ਕਟਾਈ ਕਰਵਾਉਣ, ਹਰਾ ਅਤੇ ਨਮੀ ਵਾਲਾ ਝੋਨਾ ਨਾ ਕਟਾਉਣ ਤਾਂ ਕਿ ਉਨਾਂ੍ਹ ਨੂੰ ਮੰਡੀਆਂ ਵਿਚ ਆਪਣਾ ਝੋਨਾ ਵੇਚਣ ਵਿਚ ਕੋਈ ਮੁਸ਼ਕਲ ਪੇਸ਼ ਨਾ ਆਵੇ।