ਜਸਪਾਲ ਸਿੰਘ ਜੱਸੀ, ਤਰਨਤਾਰਨ

ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਵੀਰਵਾਰ ਨੂੰ ਪੰਜਾਬ ਸਟੇਟ ਫੂਡ ਕਮਿਸ਼ਨ ਮੈਂਬਰ ਵਿਜੇ ਦੱਤ ਵੱਲੋਂ ਜ਼ਿਲ੍ਹਾ ਤਰਨਤਾਰਨ ਦੇ ਵੱਖ-ਵੱਖ ਸਰਕਾਰੀ ਸਕੂਲਾਂ, ਆਂਗਨਵਾੜੀ ਸੈਂਟਰਾਂ ਵਿਚ ਬੱਚਿਆਂ ਨੂੰ ਦਿੱਤੇ ਜਾ ਰਹੇ ਖਾਣੇ ਦੀ ਗੁਣਵੱਤਾ ਤੇ ਡਿਪੂਆਂ 'ਤੇ ਰਾਸ਼ਨ ਸਪਲਾਈ ਦੀ ਮਿਕਦਾਰ ਤੇ ਗੁਣਵੱਤਾ ਸਬੰਧੀ ਚੈਕਿੰਗ ਕੀਤੀ ਗਈ।

ਉਨਾਂ੍ਹ ਸਰਕਾਰੀ ਐਲੀਮੈਂਟਰੀ ਸਕੂਲ ਸ਼ੇਰੋਂ, ਆਂਗਣਵਾੜੀ ਸੈਂਟਰ ਸੇਰੋਂ, ਸਰਕਾਰੀ ਐਲੀਮੈਂਟਰੀ ਸਕੂਲ ਚੁਤਾਲਾ, ਸਰਕਾਰੀ ਮਿਡਲ ਸਕੂਲ ਚੁਤਾਲਾ, ਆਂਗਨਵਾੜੀ ਸੈਂਟਰ ਚੁਤਾਲਾ, ਸਰਕਾਰੀ ਐਲੀਮੈਂਟਰੀ ਸਕੂਲ ਮੋਹਨਪੁਰ, ਸਰਕਾਰੀ ਮਿਡਲ ਸਕੂਲ ਮੋਹਨਪੁਰ, ਆਂਗਨਵਾੜੀ ਸੈਂਟਰ ਮੋਹਨਪੁਰ ਦੀ ਚੈਕਿੰਗ ਦੌਰਾਨ ਸਕੂਲਾਂ ਵਿਚ ਦਿੱਤੇ ਜਾ ਰਹੇ ਮਿਡ-ਡੇ-ਮੀਲ ਤੇ ਮਿਡ-ਡੇ-ਮੀਲ ਵਰਕਰਾਂ ਦੇ ਕੰਮ ਤੇ ਡਿਪੂ ਦੀ ਵੰਡ 'ਤੇ ਤਸੱਲੀ ਪ੍ਰਗਟਾਈ।

ਇਸ ਮੌਕੇ ਗੱਲਬਾਤ ਕਰਦਿਆਂ ਵਿਜੇ ਦੱਤ ਮੈਂਬਰ ਪੰਜਾਬ ਸਟੇਟ ਫੂਡ ਕਮਿਸ਼ਨ ਨੇ ਕਿਹਾ ਕਿ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਨੂੰ ਆਮ ਲੋਕਾਂ ਤਕ ਸਹੀ ਰੂਪ ਵਿਚ ਪਹੁੰਚਾਉਣ ਲਈ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ। ਉਨਾਂ੍ਹ ਕਿਹਾ ਕਿ ਸਾਡਾ ਮਕਸਦ ਸਾਫ਼-ਸੁਥਰਾ ਤੇ ਸਹੀ ਮਾਤਰਾ 'ਚ ਭੋਜਨ ਬੱਚਿਆਂ ਤਕ ਤੇ ਡਿਪੂ ਦੀ ਵੰਡ ਸਹੀ ਮਾਤਰਾ ਵਿਚ ਕਾਰਡ ਧਾਰਕਾਂ ਤਕ ਪਹੁੰਚਾਉਣਾ ਹੈ ਤੇ ਉਨਾਂ੍ਹ ਵੱਲੋਂ ਕਿਹਾ ਗਿਆ ਕਿ ਪੰਜਾਬ ਸਟੇਟ ਫੂਡ ਕਮਿਸ਼ਨ ਦਾ ਹੈਲਪਲਾਈਨ ਨੰਬਰ 9876764545 ਹਰੇਕ ਸਕੂਲ ਤੇ ਡਿਪੂ ਦੇ ਬਾਹਰ ਲਿਖਵਾਇਆ ਜਾਵੇ, ਤਾਂ ਜੋ ਆਮ ਪਬਿਲਕ ਦੀ ਕਿਸੇ ਕਿਸਮ ਦੀ ਸ਼ਿਕਾਇਤ ਜਾਂ ਸੁਝਾਅ ਹੋਵੇ, ਤਾਂ ਉਹ ਉਕਤ ਹੈਲਪਲਾਈਨ 'ਤੇ ਦਰਜ ਕਰਵਾ ਸਕਦੇ ਹਨ।

ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਪਰਮਜੀਤ ਸਿੰਘ ਨੇ ਕਿਹਾ ਕਿ ਸਕੂਲਾਂ 'ਚ ਅਧਿਆਪਕਾਂ ਵੱਲੋਂ ਬਿਹਤਰੀਨ ਖਾਣਾ ਬਣਾਇਆ ਜਾ ਰਿਹਾ ਹੈ। ਇਸ ਦੌਰਾਨ ਉਨਾਂ੍ਹ ਨਾਲ ਰਾਜਿੰਦਰ ਕੌਰ ਇੰਸਪੈਕਟਰ ਫੂਡ ਸਪਲਾਈ ਤਰਨਤਾਰਨ, ਅਮਰਜੀਤ ਕੌਰ ਸਹਾਇਕ ਫੂਡ ਸਪਲਾਈ ਅਫ਼ਸਰ ਤਰਨਤਾਰਨ, ਪਰਮਜੀਤ ਕੌਰ ਸੀਡੀਪੀਓ ਤੇ ਗੁਰਮੀਤ ਸਿੰਘ ਜ਼ਿਲ੍ਹਾ ਨੋਡਲ ਅਫ਼ਸਰ (ਪ੍ਰਰੀਖਿਆ) ਤਰਨਤਾਰਨ ਹਾਜ਼ਰ ਸਨ।