v> ਪੱਤਰ ਪ੍ਰੇਰਕ, ਤਰਨਤਾਰਨ : ਪਿੰਡ ਸਾਂਧਰਾ ਵਿਖੇ ਬਿਜਲੀ ਦੇ ਟਰਾਂਸਫਾਰਮਰ ਦੀ ਤਾਰ ਨੂੰ ਲੈ ਕੇ ਦੋ ਧਿਰਾਂ ਵਿਚ ਝਗੜਾ ਹੋ ਗਿਆ। ਇਸ ਦੌਰਾਨ ਪਿਸਤੌਲ ਨਾਲ ਫਾਇਰ ਕਰਨ ਦੇ ਦੋਸ਼ ਤਹਿਤ ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਇਕ ਦਰਜਨ ਲੋਕਾਂ ਖ਼ਿਲਾਫ ਕੇਸ ਦਰਜ ਕਰ ਲਿਆ ਹੈ। ਬਲਵੰਤ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਸਾਂਧਰਾ ਨੇ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ 'ਚ ਕਥਿਤ ਤੌਰ 'ਤੇ ਦੋਸ਼ ਲਗਾਇਆ ਕਿ ਉਸਦੀ ਬਹਿਕ ਮਲਕੀਤ ਸਿੰਘ ਪੁੱਤਰ ਕੁਲਵੰਤ ਸਿੰਘ ਦੇ ਨਾਲ ਹੈ। ਉਨ੍ਹਾਂ ਦੋਵਾਂ ਦੇ ਖੇਤਾਂ ਵਿਚ ਬਿਜਲੀ ਦੇ ਟਰਾਂਸਫਾਰਮਰ ਲੱਗਣੇ ਹਨ। ਇਸ ਮੌਕੇ ਬਿਜਲੀ ਦੀ ਤਾਰ ਘੱਟ ਮਿਲਣ ਕਾਰਨ ਮਲਕੀਤ ਸਿੰਘ ਉਸ ਨਾਲ ਬਹਿਸ ਕਰਨ ਲੱਗ ਪਿਆ। ਕੁਝ ਸਮੇਂ ਬਾਅਦ ਮਲਕੀਤ ਸਿੰਘ ਆਪਣੇ ਨਾਲ ਮਲਕੀਤ ਸਿੰਘ ਪੁੱਤਰ ਜੁਗਰਾਜ ਸਿੰਘ, ਗੋਪੀ ਵਾਸੀ ਮਾੜੀ ਗੌੜ ਸਿੰਘ, ਸੁਖਚੈਨ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਕਲਸੀਆਂ ਖੁਰਦ ਅਤੇ ਅੱਠ ਅਣਪਛਾਤੇ ਲੋਕਾਂ ਨੂੰ ਲੈ ਆਇਆ। ਜਿਨ੍ਹਾਂ ਨੇ ਆਉਂਦਿਆਂ ਹੀ ਪਿਸਤੌਲ ਨਾਲ ਉਸਦੇ ਘਰ ਵੱਲ ਨੂੰ ਫਾਇਰ ਕਰ ਦਿੱਤੇ। ਘਟਨਾ ਦੀ ਜਾਂਚ ਕਰ ਰਹੇ ਏਐੱਸਆਈ ਸਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕਰ ਰਹੀ ਹੈ। ਜਲਦ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।

Posted By: Susheel Khanna