ਪੱਤਰ ਪ੍ਰੇਰਕ, ਤਰਨਤਾਰਨ : ਪਿੰਡ ਸੂਰਵਿੰਡ ਵਿਖੇ ਨਸ਼ੇੜੀ ਪਤੀ ਨੇ ਪਤਨੀ ਤੇ ਲੜਕੀ ਦੀ ਘੋਟਨੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰ ਦਿੱਤੀ। ਗੰਭੀਰ ਰੂਪ 'ਚ ਜ਼ਖ਼ਮੀ ਹੋਈ ਔਰਤ ਨੂੰ ਤਰਨਤਾਰਨ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਇਸ ਸਬੰਧੀ ਥਾਣਾ ਕੱਚਾ ਪੱਕਾ ਦੀ ਪੁਲਿਸ ਨੇ ਪਤਨੀ ਦੀ ਸ਼ਿਕਾਇਤ 'ਤੇ ਪਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਨਰਿੰਦਰ ਕੌਰ ਨੇ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ 'ਚ ਕਥਿਤ ਤੌਰ 'ਤੇ ਦੋਸ਼ ਲਾਇਆ ਕਿ ਉਸ ਦਾ ਪਤੀ ਸੁਖਦੇਵ ਸਿੰਘ ਪੁੱਤਰ ਨਰਿੰਜਨ ਸਿੰਘ ਵਾਸੀ ਸੂਰਵਿੰਡ ਨਸ਼ੇ ਕਰਨ ਦਾ ਆਦੀ ਹੈ। ਜੋ ਬਿਨ੍ਹਾਂ ਵਜ੍ਹਾ ਉਸ ਦੀ ਕੁੱਟਮਾਰ ਕਰਦਾ ਰਹਿੰਦਾ ਸੀ। ਇਸੇ ਤਹਿਤ ਰਾਤ ਨੂੰ ਉਸ ਦੇ ਪਤੀ ਨੇ ਘੋਟਨੇ ਨਾਲ ਉੁਸ ਦੀ ਕੁੱਟਮਾਰ ਕੀਤੀ। ਜਿਸ ਕਾਰਨ ਉਸ ਦੀ ਸੱਜੀ ਬਾਹ ਦੀ ਹੱਡੀ ਤੇ ਗੁੱਟ 'ਤੇ ਸੱਟ ਲੱਗ ਗਈ। ਇਸ ਦੌਰਾਨ ਬਚਾਅ ਕਰਨ ਆਈ ਉਸ ਦੀ ਲੜਕੀ ਨੂੰ ਸੱਟਾਂ ਲਗੀਆਂ ਹਨ। ਰੌਲਾ ਪਾਉਣ 'ਤੇ ਲੋਕਾਂ ਨੇ ਉਨ੍ਹਾਂ ਨੂੰ ਛੁਡਾਇਆ ਤੇ ਉਸ ਨੂੰ ਸਿਵਲ ਹਸਪਤਾਲ ਤਰਨਤਾਰਨ ਦਾਖਲ ਕਰਵਾਇਆ। ਘਟਨਾ ਦੇ ਜਾਂਚ ਅਧਿਕਾਰੀ ਏਐਸਆਈ ਨਾਇਬ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਜਲਦ ਹੀ ਮੁਲਜ਼ਮ ਨੂੰ ਕਾਬੂ ਕੀਤਾ ਜਾਵੇਗਾ।

Posted By: Amita Verma