ਜੇਐੱਨਐੱਨ, ਤਰਨਤਾਰਨ : ਇੱਥੇ ਪੰਜ ਦਿਨ ਤੋਂ ਪੁਲਿਸ ਹਿਰਾਸਤ 'ਚ ਰੱਖੇ ਗਏ ਇਕ ਨੌਜਵਾਨ ਦੀ ਮੌਤ ਹੋ ਗਈ। ਪਰਿਵਾਰ ਦੇ ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਦੇ ਟਾਰਚਰ ਕਾਰਨ ਨੌਜਵਾਨ ਦੀ ਮੌਤ ਹੋਈ ਹੈ। ਸ਼ਨਿਚਰਵਾਰ ਨੂੰ ਗੁੱਸੇ 'ਚ ਆਏ ਲੋਕਾਂ ਨੇ ਥਾਣੇ ਦਾ ਘਿਰਾਓ ਕੀਤਾ। ਮਾਹੌਲ ਤਣਾਅਪੂਰਨ ਬਣਿਆ ਹੈ। ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।

ਅਲਗੋ ਨਿਵਾਸੀ ਗੋਰਾ ਸਿੰਘ ਖ਼ਿਲਾਫ਼ ਮਹਿਲਾ ਨੇ ਛੇੜਛਾੜ ਦੀ ਸ਼ਿਕਾਇਤ ਕੀਤੀ ਸੀ। ਪੁਲਿਸ ਨੇ ਗੋਰਾ ਸਿੰਘ ਨੂੰ ਪੰਜ ਦਿਨਾਂ ਤੋਂ ਲਗਾਤਾਰ ਹਿਰਾਸਤ 'ਚ ਰੱਖਿਆ ਸੀ। ਇਸ ਦੌਰਾਨ ਪਰਿਵਾਰ ਨੂੰ ਸੂਚਨਾ ਦਿੱਤੀ ਗਈ ਕਿ ਗੋਰਾ ਸਿੰਘ ਦੀ ਹਾਲਤ ਖ਼ਰਾਬ ਹੈ।ਪਰਿਵਾਰਕ ਮੈਂਬਰਾਂ ਨੇ ਗੋਰਾ ਸਿੰਘ ਨੂੰ ਹਸਪਤਾਲ 'ਚ ਦਾਖਲ ਕਰਵਾਇਆ। ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਪਰਿਵਾਰ ਨੇ ਦੋਸ਼ ਲਗਾਇਆ ਕਿ ਗੋਰਾ ਸਿੰਘ ਦੀ ਕੁੱਟਮਾਰ ਨਾਲ ਮੌਤ ਹੋਈ ਹੈ। ਥਾਣੇ ਦਾ ਘਿਰਾਓ ਕਰ ਕੇ ਪੁਲਿਸ ਖ਼ਿਲਾਫ਼ ਦੱਬ ਕੇ ਨਾਅਰੇਬਾਜ਼ੀ ਕੀਤੀ ਗਈ। ਸੁਰਿੰਦਰ ਕੌਰ ਨੇ ਦੋਸ਼ ਲਾਇਆ ਕਿ ਉਸ ਦੇ ਲੜਕੇ ਗੋਰਾ ਸਿੰਘ ਨੂੰ ਦੋ ਦਿਨ ਪੁਲਿਸ ਚੌਕੀ ਤੇ ਦੋ ਦਿਨ ਥਾਣੇ 'ਚ ਰੱਖ ਕੇ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਜਾਂਦੀ ਰਹੀ। ਇਸ ਕਾਰਨ ਗੋਰਾ ਸਿੰਘ ਦੀ ਮੌਤ ਹੋਈ ਹੈ।

ਉਨ੍ਹਾਂ ਨੇ ਥਾਣਾ ਇੰਚਾਰਜ ਬਲਵਿੰਦਰ ਸਿੰਘ ਖ਼ਿਲਾਫ਼ ਮੁਕਦਮਾ ਦਰਜ ਕਰਨ ਦੀ ਮੰਗ ਕੀਤੀ। ਐੱਸਐੱਸਪੀ ਧ੍ਰੁਮਨ ਐੱਚ ਨਿੰਬਾਲੇ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮੌਕੇ 'ਤੇ ਡੀਐੱਸਪੀ ਰਾਜਬੀਰ ਸਿੰਘ ਨੂੰ ਭੇਜਿਆ ਹੈ। ਗੋਰਾ ਸਿੰਘ ਦਾ ਪੋਸਟਮਾਰਟਮ ਕਰਵਾਉਣ ਦੇ ਆਦੇਸ਼ ਦਿੱਤੇ ਗਏ ਹਨ।

Posted By: Amita Verma