ਤੇਜਿੰਦਰ ਸਿੰਘ ਬੱਬੂ ਝਬਾਲ

ਬੀਕੇਯੂ ਏਕਤਾ ਡਕੌਂਦਾ ਕਿਸਾਨ ਜਥੇਬੰਦੀ ਦੀ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਨਿਰਪਾਲ ਸਿੰਘ ਜੌਣੇਕੇ ਦੀ ਪ੍ਰਧਾਨਗੀ 'ਚ ਹੋਈ, ਜਿਸ ਵਿਚ ਵੱਖ-ਵੱਖ ਬਲਾਕ ਕਮੇਟੀਆਂ ਦੇ ਅਹੁਦੇਦਾਰਾਂ ਤੇ ਜ਼ਿਲ੍ਹਾ ਕਮੇਟੀ ਦੇ ਮੈਂਬਰਾਂ ਵੱਲੋਂ ਸ਼ਮੂਲੀਅਤ ਕੀਤੀ ਗਈ। ਇਸ ਸਬੰਧੀ ਜ਼ਿਲ੍ਹਾ ਸਕੱਤਰੇਤ ਦੇ ਆਗੂ ਜਸਬੀਰ ਸਿੰਘ ਗੰਡੀਵਿੰਡ ਨੇ ਕਿਹਾ ਕਿ ਬੀਤੇ ਦਿਨੀਂ ਸੂਬਾ ਕਮੇਟੀ ਦੀ ਮੀਟਿੰਗ ਵਿਚ ਸਬ-ਡਵੀਜ਼ਨ ਝਬਾਲ ਅਧੀਨ ਆਉਂਦੇ ਪਿੰਡ ਦੋਦੇ ਅਤੇ ਛਾਪਾ ਵਿਖੇ ਘਰੇਲੂ ਖਪਤਕਾਰਾਂ ਨੂੰ ਨਾਜਾਇਜ਼ ਪਾਏ ਗਏ ਜੁਰਮਾਨਿਆਂ ਦੇ ਵਿਰੁੱਧ ਸਬ-ਡਵੀਜ਼ਨ ਝਬਾਲ ਵਿੱਖੇ ਕਿਸਾਨਾਂ ਵੱਲੋਂ ਧਰਨਾ ਦਿੱਤਾ ਗਿਆ ਹੈ, ਜੋ ਪੰਜਾਬ ਸਰਕਾਰ ਵੱਲੋਂ ਜਨਰਲ ਵਰਗ ਵਾਲੇ ਘਰੇਲੂ ਖਪਤਕਾਰਾਂ ਨਾਲ 600 ਯੂਨਿਟ ਦੀ ਮੁਆਫੀ ਵਾਲਾ ਬਿਨਾਂ ਕਿਸੇ ਸ਼ਰਤ ਸਬਸਿਡੀ ਦੇਣ ਦਾ ਵਾਅਦਾ ਕੀਤਾ ਗਿਆ ਸੀ। ਪਰ ਸੱਤਾ ਵਿਚ ਆਉਂਦਿਆਂ ਹੀ ਪੰਜਾਬ ਸਰਕਾਰ ਵੱਲੋਂ ਜਨਰਲ ਵਰਗ ਨੂੰ ਸਬਸਿਡੀ ਦੇਣ ਲਈ ਸ਼ਰਤਾਂ ਲਗਾ ਕੇ ਚੈਕਿੰਗ ਦੇ ਬਹਾਨੇ ਭਾਰੀ ਜ਼ੁਰਮਾਨੇ ਪਾਉਣੇ ਸ਼ੁਰੂ ਕਰ ਦਿੱਤੇ ਗਏ। ਜਿਸ ਦੇ ਵਿਰੁੱਧ ਪਾਵਰਕਾਮ ਤੇ ਪੰਜਾਬ ਸਰਕਾਰ ਦੇ ਵਿਰੁੱਧ ਅਣਮਿੱਥੇ ਸਮੇਂ ਲਈ ਮੋਰਚਾ ਸ਼ੁਰੂ ਕਰ ਦਿੱਤਾ ਗਿਆ ਸੀ ਜ਼ੋ ਪਾਏ ਗਏ ਜੁਰਮਾਨੇ ਰੱਦ ਕਰਵਾਉਣ ਤਕ ਜਾਰੀ ਰਹੇਗਾ। ਉਨਾਂ੍ਹ ਦੱਸਿਆ ਕਿ ਧਰਨੇ ਦੌਰਾ ਕੁਝ ਪਾਵਰਕਾਮ ਅਧਿਕਾਰੀਆਂ ਵੱਲੋਂ ਬੇਲੋੜਾ ਵਿਵਾਦ ਪੈਦਾ ਕਰਕੇ ਕੰਮ ਬੰਦ ਰੱਖਿਆ ਗਿਆ। ਪਰ ਉਨਾਂ੍ਹ ਖਿਲਾਫ ਕੋਈ ਵੀ ਵਿਭਾਗੀ ਕਾਰਵਾਈ ਨਹੀਂ ਕੀਤੀ ਜਾ ਰਹੀ ਅਤੇ ਨਾ ਹੀ ਕਥਿਤ ਤੌਰ 'ਤੇ ਹੁਲੜਬਾਜ਼ੀ ਕਰਨ ਵਾਲੇ ਬਿਜਲੀ ਅਧਿਕਾਰੀਆਂ ਦੇ ਖ਼ਿਲਾਫ਼ ਪੁਲਿਸ ਵੱਲੋਂ ਕੋਈ ਕਾਰਵਾਈ ਕੀਤੀ ਗਈ। ਜਿਸ ਦੇ ਰੋਸ ਵਜੋਂ ਸੂਬਾ ਕਮੇਟੀ ਵੱਲੋਂ ਬੀਤੇ ਦਿਨੀਂ ਬਰਨਾਲਾ ਵਿਖੇ ਕੀਤੀ ਗਈ ਮੀਟਿੰਗ ਵਿਚ ਇਸ ਮਸਲੇ ਨੂੰ ਗੰਭੀਰਤਾ ਨਾਲ ਵਿਚਾਰਨ ਤੋਂ ਬਾਅਦ ਇਸ ਮਸਲੇ ਨੂੰ ਪੰਜਾਬ ਪੱਧਰ ਤਕ ਲੈਣ ਕੇ ਜਾਣ ਦਾ ਫ਼ੈਸਲਾ ਲਿਆ ਗਿਆ ਹੈ। ਇਸ ਮੌਕੇ ਉਕਤ ਮਸਲੇ ਦੀ ਜਨਤਕ ਲੜਾਈ ਲੜਨ ਲਈ ਸੂਬਾ ਕਮੇਟੀ ਦੇ ਆਗੂ ਹਰਨੇਕ ਸਿੰਘ ਮਹਿਮਾ ਨੂੰ ਜ਼ਿੰਮੇਵਾਰੀ ਸੌਂਪੀ ਗਈ, ਜਿਸ ਦੀ ਅਗਵਾਈ 'ਚ 26 ਸਤੰਬਰ ਨੂੰ ਡੀਸੀ ਦਫਤਰ ਅੱਗੇ ਧਰਨਾ ਦਿੱਤਾ ਜਾਵੇਗਾ ਤੇ ਇਸ ਦੇ ਜ਼ਿੰਮੇਵਾਰ ਮੁਲਾਜ਼ਮਾਂ 'ਤੇ ਕਾਨੂੰਨੀ ਕਾਰਵਾਈ ਕਰਵਾਉਣ ਤਕ ਅਤੇ ਘਰੇਲੂ ਖਪਤਕਾਰਾਂ ਨੂੰ ਨਾਜਾਇਜ਼ ਪਾਏ ਗਏ ਜੁਰਮਾਨੇ ਰੱਦ ਕਰਵਾਉਣ ਤਕ ਤਿੱਖਾ ਸੰਘਰਸ਼ ਲੜਿਆ ਜਾਵੇਗਾ। ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ।

ਇਸ ਮੌਕੇ ਜ਼ਿਲ੍ਹਾ ਕਮੇਟੀ ਦੀ ਮੀਟਿੰਗ 'ਚ ਅਮਰਜੀਤ ਸਿੰਘ ਹਰੀਕੇ, ਬਾਜ ਸਿੰਘ ਗੰਡੀਵਿੰਡ, ਬਲਕਾਰ ਸਿੰਘ ਬਿੱਟਾ ਗੰਡੀਵਿੰਡ, ਜਗਜੀਤ ਸਿੰਘ ਹਰੀਕੇ, ਬਲਵਿੰਦਰ ਸਿੰਘ, ਬਲਾਕ ਪ੍ਰਧਾਨ ਬਲਕਾਰ ਸਿੰਘ, ਜ਼ਲਿ੍ਹਾ ਮੀਤ ਪ੍ਰਧਾਨ ਹਰਜਿੰਦਰ ਸਿੰਘ ਮਾਣਕਪੁਰਾ, ਮੇਲਾ ਸਿੰਘ ਅਲੀਪੁਰ, ਮੇਹਰ ਸਿੰਘ ਫੌਜੀ ਜੌਣੇਕੇ, ਸਰਵਣ ਸਿੰਘ ਗੰਡੀਵਿੰਡ, ਪਿ੍ਰਥਪਾਲ ਸਿੰਘ ਆਦਿ ਹਾਜ਼ਰ ਸਨ। ਇਸ ਤੋਂ ਇਲਾਵਾ ਮੋਰਚੇ ਵਿਚ ਗੁਰਵਿੰਦਰ ਸਿੰਘ ਚੀਮਾ, ਦਿਲਬਾਗ ਸਿੰਘ ਢੰਡ, ਮੁਖਤਾਰ ਸਿੰਘ ਦੋਦੇ, ਹਰਦੀਪ ਸਿੰਘ ਦੋਦੇ, ਗੁਰਮੇਜ ਸਿੰਘ ਭੋਲਾ ਲਹੀਆਂ, ਰਣਜੀਤ ਸਿੰਘ ਠੱਠਗੜ੍ਹ ਆਦਿ ਹਾਜ਼ਰ ਸਨ।