ਪੱਤਰ ਪ੍ਰੇਰਕ, ਤਰਨਤਾਰਨ : ਤਰਨਤਾਰਨ ਜ਼ਿਲ੍ਹੇ ਦੇ ਕਸਬਾ ਚੋਹਲਾ ਸਾਹਿਬ ਵਾਸੀ ਔਰਤ ਨੂੰ ਸਿੰਘਾਪੁਰ ਭੇਜਣ ਦੀ ਥਾਂ 'ਤੇ ਮਹਿਲਾ ਸਮੇਤ ਦੋ ਏਜੰਟਾਂ ਨੇ ਸਾਉਦੀ ਅਰਬ ਭੇਜ ਦਿੱਤਾ। ਜਿਥੋਂ ਦੇ ਵੱਖ ਵੱਖ ਸ਼ਹਿਰਾਂ 'ਚ ਉਸ ਨੂੰ ਵੇਚ ਕੇ ਘਰੇਲੂ ਕੰਮ ਤਾਂ ਲਿਆ ਗਿਆ ਪਰ ਮਿਹਨਤਾਨਾਂ ਨਹੀਂ ਦਿੱਤਾ। ਕਿਸੇ ਤਰ੍ਹਾਂ ਬਚ ਕੇ ਭਾਰਤੀ ਸਫਾਰਤਖਾਨੇ ਪੁੱਜੀ ਉਕਤ ਔਰਤ ਪੇਪਰ ਪਾਸਪੋਰਟ 'ਤੇ ਭਾਰਤ ਵਾਪਸ ਆਈ ਹੈ। ਭਾਰਤੀ ਅੰਬੈਸੀ ਵੱਲੋਂ ਮਿਲੀ ਸ਼ਿਕਾਇਤ ਦੇ ਅਧਾਰ 'ਤੇ ਪੁਲਿਸ ਨੇ ਦੋਵਾਂ ਖਿਲਾਫ਼ ਕੇਸ ਦਰਜ ਕਰ ਲਿਆ ਹੈ।

ਚੋਹਲਾ ਸਾਹਿਬ ਵਾਸੀ ਉਕਤ ਔਰਤ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਕਥਿਤ ਤੌਰ 'ਤੇ ਦੋਸ਼ ਲਗਾਇਆ ਕਿ ਸਰਬਜੀਤ ਲਾਲ ਪੁੱਤਰ ਗਿਆਨ ਚੰਦਵਾਸੀ ਪੱਦੀ ਖਾਲਸਾ (ਜਲੰਧਰ) ਅਤੇ ਨੀਤੂ ਮੈਡਮ ਵਾਸੀ ਕਰੋਲ ਬਾਗ ਨਵੀਂ ਦਿੱਲੀ ਨਾਮਕ ਔਰਤ ਨੇ ਉਸ ਕੋਲੋਂ 32 ਹਜਾਰ ਰੁਪਏ ਲੈ ਕੇ ਸਿੰਘਾਪੁਰ ਦੀ ਥਾਂ ਸਾਊਦੀ ਅਰਬ ਭੇਜ ਦਿੱਤਾ। ਜਿਥੇ ਪਹਿਲੇ ਕੁਝ ਮਹੀਨੇ ਤਾਂ ਉਸ ਨੂੰ ਤਨਖਾਹ ਦਿੱਤੀ ਗਈ ਪਰ ਬਾਅਦ ਵਿਚ ਉਸ ਨੂੰ ਵੱਖ ਵੱਖ ਸ਼ਹਿਰਾਂ ਵਿਚ ਵੇਚ ਦਿੱਤਾ ਗਿਆ। ਉਕਤ ਔਰਤ ਦਾ ਪਾਸਪੋਰਟ ਵੀ ਸਉਦੀ ਅਰਬ ਵਿਚ ਰੱਖ ਲਿਆ ਗਿਆ। ਕਿਸੇ ਤਰ੍ਹਾਂ ਉਹ ਬਚ ਕੇ ਭਾਰਤੀ ਅੰਬੈਸੀ ਵਿਚ ਪੁੱਜੀ ਜਿਥੋਂ ਅੰਬੈਸੀ ਨੇ ਉਸ ਨੂੰ ਪੇਪਰ ਪਾਸਪੋਰਟ ਜਾਰੀ ਕਰਕੇ ਭਾਰਤ ਡਿਪੋਰਟ ਕੀਤਾ। ਇਸ ਦੇ ਨਾਲ ਹੀ ਅੰਬੈਸੀ ਨੇ ਇਸ ਸਬੰਧੀ ਪੁਲਿਸ ਨੂੰ ਵੀ ਸ਼ਿਕਾਇਤ ਦਿੱਤੀ। ਉਕਤ ਸ਼ਿਕਾਇਤ ਦੀ ਪੜਤਾਲ ਡੀਐਸਪੀ ਸਬ ਡਵੀਜਨ ਸ੍ਰੀ ਗੋਇੰਦਵਾਲ ਸਾਹਿਬ ਹਰਦੇਵ ਸਿੰਘ ਵੱਲੋਂ ਕੀਤੇ ਜਾਣ ਉਪਰੰਤ ਐਸਐਸਪੀ ਦੇ ਨਿਰਦੇਸ਼ਾਂ ਤੇ ਪੁਲਿਸ ਨੇ ਥਾਣਾ ਚੋਹਲਾ ਸਾਹਿਬ ਵਿਖੇ ਸਰਬਜੀਤ ਲਾਲ ਅਤੇ ਨੀਤ ਮੈਡਮ ਨਾਮਕ ਔਰਤ ਦੇ ਖਿਲਾਫ ਮਨੁੱਖੀ ਤਸਕਰੀ ਦੀਆਂ ਧਰਾਵਾਂ ਦੇ ਤਹਿਤ ਕੇਸ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਕਾਰਵਾਈ ਲਈ ਡੀਐਸਪੀ ਹਰਦੇਵ ਸਿੰਘ ਦੀ ਅਗਵਾਈ ਹੇਠ ਟੀਮ ਦਾ ਗਠਨ ਕੀਤਾ ਗਿਆ ਹੈ।