ਪੱਤਰ ਪੇ੍ਰਰਕ, ਤਰਨਤਾਰਨ :ਜ਼ਿਲ੍ਹੇ ਦੇ ਪਿੰਡ ਨਾਗੋਕੇ ਦੇ ਸ਼ਮਸ਼ਾਨਘਾਟ ਵਿੱਚੋਂ ਨੌਜਵਾਨ ਦੀ ਲਾਸ਼ ਮਿਲਣ ਦੇ ਮਾਮਲੇ ਵਿਚ ਪੁਲਿਸ ਨੇ ਤਿੰਨ ਜਣਿਆਂ ਵਿਰੁੱਧ ਮੁਕੱਦਮਾ ਦਰਜ ਕੀਤਾ ਹੈ। ਇਸ ਬਾਰੇ ਅਮਨਦੀਪ ਕੌਰ ਵਾਸੀ ਨਾਗੋਕੇ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਹੈ ਕਿ ਉਸ ਦਾ ਪੁੱਤਰ ਜਸਕਰਨਬੀਰ ਸਿੰਘ (21) 26 ਜੂਨ ਨੂੰ ਸ਼ਾਮ 6 ਵਜੇ ਮੋਟਰਸਾਈਕਲ ਚਲਾ ਕੇ ਘਰੋਂ ਗਿਆ ਸੀ ਪਰ ਰਾਤ ਭਰ ਵਾਪਸ ਨਹੀਂ ਆਇਆ। 27 ਜੂਨ ਨੂੰ ਸਵੇਰੇ 8 ਵਜੇ ਨੌਜਵਾਨ ਦੀ ਲਾਸ਼ ਪਿੰਡ ਦੇ ਸ਼ਮਸ਼ਾਨਘਾਟ ਵਿੱਚੋਂ ਬਰਾਮਦ ਹੋਈ। ਹਾਲਾਂਕਿ ਉਦੋਂ ਸਦਮੇ ਵਿਚ ਹੋਣ ਕਰ ਕੇ ਕੋਈ ਬਿਆਨ ਨਹੀਂ ਦੇ ਸਕੀ।

ਪਿੰਡ ਵਿੱਚੋਂ ਉਸ ਨੂੰ ਪਤਾ ਲੱਗਾ ਕਿ ਪੁੱਤਰ ਜਸਕਰਨਬੀਰ ਸਿੰਘ ਨੂੰ ਜਰਮਨਜੀਤ ਸਿੰਘ ਪੁੱਤਰ ਕੁਲਵਿੰਦਰ ਸਿੰਘ, ਹਰਮਨਪ੍ਰਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਅਤੇ ਕਰਨਦੀਪ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਨਾਗੋਕੇ ਨੇ ਜ਼ਿਆਦਾ ਨਸ਼ਾ ਦੇ ਦਿੱਤਾ ਸੀ, ਇਸੇ ਕਾਰਨ ਉਸ ਦੀ ਮੌਤ ਹੋਈ ਹੈ। ਮਾਮਲੇ ਦੀ ਜਾਂਚ ਕਰ ਰਹੇ ਥਾਣਾ ਵੈਰੋਂਵਾਲ ਦੇ ਮੁਖੀ ਇੰਸਪੈਕਟਰ ਪਰਮਜੀਤ ਸਿੰਘ ਵਿਰਦੀ ਨੇ ਦੱਸਿਆ ਕਿ ਉਕਤ ਤਿੰਨਾਂ ਜਣਿਆਂ ਨੂੰ ਨਾਮਜ਼ਦ ਕਰ ਕੇ ਕਾਬੂ ਕਰ ਲਿਆ ਗਿਆ ਹੈ।