ਜਸਪਾਲ ਸਿੰਘ ਜੱਸੀ, ਤਰਨਤਾਰਨ : ਕੋਵਿਡ-19 ਦੀ ਰੋਕਥਾਮ ਲਈ ਲਗਾਏ ਗਏ ਕਰਫਿਊ ਦੀ ਉਲੰਘਣਾ ਕਰਨ ਵਾਲੇ 48 ਲੋਕਾਂ ਦੇ ਖਿਲਾਫ਼ ਤਰਨਤਾਰਨ ਜ਼ਿਲ੍ਹੇ ਦੀ ਪੁਲਿਸ ਨੇ ਵੱਖ-ਵੱਖ ਥਾਣਿਆਂ ਵਿਚ ਮੁਕੱਦਮੇਂ ਦਰਜ ਕੀਤੇ ਹਨ। ਇੰਨ੍ਹਾਂ ਵਿਚੋਂ ਕਈ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਜਿੱਥੇ ਜਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ। ਉਥੇ ਹੀ ਕਈ ਹਾਲੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ। ਹਾਲਾਂਕਿ ਇਸ ਦੌਰਾਨ ਐੱਸਐੱਸਪੀ ਧਰੁਵੇ ਦਹੀਆ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਵਾਇਰਸ ਦੀ ਗੰਭੀਰਤਾ ਨੂੰ ਸਮਝਦਿਆਂ ਆਪਣੇ ਘਰਾਂ ਵਿਚ ਰਹਿ ਕੇ ਕਰਫਿਊ ਦੀ ਪਾਲਣਾ ਕਰਨ ਤਾਂ ਜੋ ਇਸ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ।

ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਕੱਚਾ ਪੱਕਾ ਦੀ ਪੁਲਿਸ ਨੇ ਬਲਰਾਮ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਲਖਣਾ, ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਹਰਨੇਕ ਸਿੰਘ ਪੁੱਤਰ ਮਨੋਹਰ ਸਿੰਘ ਵਾਸੀ ਮਾੜੀ ਗੋੜ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਪ੍ਰਗਟ ਸਿੰਘ ਵਾਸੀ ਭਿੱਖੀਵਿੰਡ, ਬਲਦੇਵ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਭੁਸੇ ਦੇ ਖਿਲਾਫ਼ ਕਰਫਿਊ ਦੀ ਉਲੰਘਣਾ ਕਰਨ ਸਬੰਧੀ ਕੇਸ ਦਰਜ ਕੀਤੇ ਹਨ।


ਜ਼ਿਲ੍ਹਾ ਮੈਜਿਸਟਰੇਟ ਨੇ ਧਾਰਾ 144 ਤਹਿਤ ਜਾਰੀ ਕੀਤੇ ਹੁਕਮ

ਜ਼ਿਲ੍ਹਾ ਮੈਜਿਸਟ੍ਰੇਟ ਪ੍ਰਦੀਪ ਕੁਮਾਰ ਸੱਭਰਵਾਲ ਨੇ ਕਿਹਾ ਕਿ ਭਾਰਤ ਅਤੇ ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਨੂੰ ਨੋਟੀਫਾਇਡ ਡਿਜ਼ਾਸਟਰ ਤੇ ਅਪਾਤਕਾਲੀਨ ਸਥਿਤੀ ਘੋਸ਼ਿਤ ਕੀਤਾ ਜਾ ਚੁੱਕਾ ਹੈ। ਉਨ੍ਹਾਂ ਨੇ ਜ਼ਿਲ੍ਹੇ ਦੀਆਂ ਸਮੂਹ ਇੰਡਸਟਰੀਅਲ ਯੂਨਿਟਾਂ, ਭੱਠਿਆਂ ਤੇ ਜ਼ਰੂਰੀ ਚੀਜ਼ਾ ਦੀਆਂ ਦੁਕਾਨਾਂ ਉੱਪਰ ਕੰਮ ਕਰਦੇ ਕਾਮਿਆਂ ਵੱਲੋਂ ਕੋਵਿਡ-19 ਦੇ ਸਬੰਧ ਵਿਚ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਪ੍ਰਾਪਤ ਹੋਣ ਵਾਲੀਆਂ ਹਦਾਇਤਾਂ ਸਮੇਤ 'ਸੋਸ਼ਲ ਡਿਸਟੈਂਸਿੰਗ' ਦੀ ਸਖ਼ਤੀ ਨਾਲ ਪਾਲਣਾ ਕਰਨ ਦਾ ਹੁਕਮ ਜਾਰੀ ਕੀਤਾ ਹੈ। ਇਹ ਹੁਕਮ ਅਗਲੇ ਆਦੇਸ਼ਾਂ ਤਕ ਲਾਗੂ ਰਹੇਗਾ। ਇੰਨ੍ਹਾਂ ਹੁਕਮਾਂ ਨੂੰ ਸੀਨੀਅਰ ਕਪਤਾਨ ਪੁਲਿਸ, ਸਮੂਹ ਉਪ ਮੰਡਲ ਮੈਜਿਸਟਰੇਟ, ਜਨਰਲ ਮੈਨੇਜਰ, ਜ਼ਿਲ੍ਹਾ ਉਦਯੋਗ ਕੇਂਦਰ, ਜ਼ਿਲ੍ਹਾ ਖ਼ੁਰਾਕ ਤੇ ਸਪਲਾਈ ਕੰਟਰੋਲਰ, ਸਹਾਇਕ ਲੇਬਰ ਕਮਿਸ਼ਨਰ, ਸਮੂਹ ਤਹਿਸੀਲਦਾਰਾਂ ਤੇ ਸਮੂਹ ਨਗਰ ਪਾਲਿਕਾਵਾਂ/ਨਗਰ ਪੰਚਾਇਤਾਂ ਵੱਲੋਂ ਇੰਨ ਬਿੰਨ ਲਾਗੂ ਕਰਨਾ ਯਕੀਨੀ ਬਣਾਇਆ ਜਾਵੇਗਾ।

Posted By: Sarabjeet Kaur