ਸਟਾਫ ਰਿਪੋਰਟਰ, ਤਰਨਤਾਰਨ : ਪਾਰਟੀ ਕਰਕੇ ਵਾਪਸ ਆ ਰਹੇ ਤਿੰਨ ਦੋਸਤਾਂ ਨੂੰ ਰਾਤ ਕਰੀਬ ਸਾਢੇ 9 ਵਜੇ ਹਥਿਆਰਾਂ ਨਾਲ ਲੈੱਸ ਤਿੰਨ ਲੁਟੇਰਿਆਂ ਨੇ ਰਸਤੇ 'ਚ ਰੋਕ ਕੇ ਜਿਥੇ ਦੋ ਕੋਲੋਂ ਮੋਬਾਈਲ ਫੋਨ ਖੋਹ ਲਏ। ਉਥੇ ਹੀ ਇਕ ਨੌਜਵਾਨ ਵੱਲੋਂ ਵਿਰੋਧ ਕਰਨ 'ਤੇ ਉਸ ਨੂੰ ਗੰਭੀਰ ਸੱਟਾਂ ਲਗਾ ਦਿੱਤੀਆਂ। ਜਿਸ ਨੂੰ ਇਲਾਜ ਲਈ ਤਰਨਤਾਰਨ ਦੇ ਸਿਵਲ ਹਸਪਤਾਲ ਲਿਜਾਇਆ ਗਿਆ। ਤਿਉਹਾਰਾਂ ਦੇ ਚਲਦਿਆਂ ਪੁਲਿਸ ਦੀਆਂ ਵਧੀਆਂ ਗਤੀਵਿਧੀਆਂ ਦੇ ਬਾਵਜੂਦ ਵਾਪਰੀ ਇਸ ਘਟਨਾ ਦੇ ਚਲਦਿਆਂ ਲੋਕਾਂ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।

ਸਿਮਰਬੀਰ ਸਿੰਘ ਪੁੱਤਰ ਰਣਬੀਰ ਸਿੰਘ ਵਾਸੀ ਜੰਡਿਆਲਾ ਰੋਡ ਤਰਨਤਾਰਨ ਨੇ ਦੱਸਿਆ ਕਿ ਉਹ ਆਪਣੇ ਦੋਸਤਾਂ ਸ਼ੰਕ ਅਤੇ ਸੰਨੀ ਸਮੇਤ ਬਾਈਪਾਸ ਨਜ਼ਦੀਕ ਇਕ ਰੈਸਟੋਰੈਂਟ ਤੋਂ ਪਾਰਟੀ ਉਪਰੰਤ ਮੋਟਰਸਾਈਕਲ 'ਤੇ ਸਵਾਰ ਹੋ ਕੇ ਵਾਪਸ ਪਰਤ ਰਿਹਾ ਸੀ। ਜਦੋਂ ਉਹ ਫੌਜੀ ਡੇਅਰੀ ਦੇ ਕੋਲੋਂ ਲੰਘ ਰਹੇ ਸੀ ਤਾਂ ਪਿੱਛੋਂ ਇਕ ਮੋਟਰਸਾਈਕਲ 'ਤੇ ਸਵਾਰ ਤਿੰਨ ਲੋਕਾਂ ਨੇ ਤੇਜ਼ਧਾਰ ਹਥਿਆਰਾਂ ਦੀ ਨੋਕ 'ਤੇ ਉਨਾਂ੍ਹ ਨੂੰ ਰੋਕ ਲਿਆ। ਇਸੇ ਦੌਰਾਨ ਉਸਦੇ ਇਕ ਦੋਸਤ ਨੇ ਲੁਟੇਰਿਆਂ ਤੋਂ ਅੱਖ ਬਚਾ ਕੇ ਆਪਣਾ ਮੋਬਾਈਲ ਫੋਨ ਸੁੱਟ ਦਿੱਤ ਅਤੇ ਦੂਸਰੇ ਉੱਪਰ ਦਾਤਰ ਦੇ ਪੁੱਠੇ ਵਾਰ ਕਰਕੇ ਮੋਬਾਈਲ ਫੋਨ ਖੋਹ ਲਿਆ ਗਿਆ। ਸਿਮਰਬੀਰ ਨੇ ਦੱਸਿਆ ਕਿ ਉਸ ਕੋਲ ਐਪਲ ਕੰਪਨੀ ਦਾ ਮਹਿੰਗਾ ਫੋਨ ਸੀ ਅਤੇ ਉਸ ਨੇ ਫੋਨ ਦੇਣ ਤੋਂ ਨਾਂਹ ਕਰ ਦਿੱਤੀ। ਵਿਰੋਧ ਨੂੰ ਵੇਖਦਿਆਂ ਲੁਟੇਰਿਆਂ ਨੇ ਉਸ ਉੱਪਰ ਦਾਤਰ ਦੇ ਲਗਾਤਾਰ ਵਾਰ ਕਰਨੇ ਸ਼ੁਰੂ ਕਰ ਦਿੱਤੇ ਜਿਸ ਦੌਰਾਨ ਉਹ ਜਖਮੀ ਹੋ ਗਿਆ ਤੇ ਲੁਟੇਰੇ ਉਸਦਾ ਫੋਨ ਲੈ ਕੇ ਫਰਾਰ ਹੋ ਗਏ। ਸਿਮਰਬੀਰ ਸਿੰਘ ਦੇ ਪਿਤਾ ਰਣਬੀਰ ਸਿੰਘ ਨੇ ਦੱਸਿਆ ਕਿ ਗੰਭੀਰ ਸੱਟਾਂ ਦੇ ਚਲਦਿਆਂ ਸਿਵਲ ਹਸਪਤਾਲ ਤੋਂ ਟਾਂਕੇ ਲਗਵਾਉਣੇ ਪਏ ਹਨ। ਜਦੋਂਕਿ ਕੰਟਰੋਲ ਰੂਮ 'ਤੇ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਮੌਕੇ 'ਤੇ ਪਹੁੰਚੇ ਏਐੱਸਆਈ ਗੁਰਮੀਤ ਸਿੰਘ ਨੂੰ ਵੀ ਜਾਣਕਾਰੀ ਦੇ ਦਿੱਤੀ ਗਈ। ਉਨਾਂ੍ਹ ਇਹ ਵੀ ਦੱਸਿਆ ਕਿ ਲਿਖਤੀ ਸ਼ਿਕਾਇਤ ਵੀ ਥਾਣਾ ਸਿਟੀ ਤਰਨਤਾਰਨ ਵਿਚ ਦਰਜ ਕਰਵਾ ਦਿੱਤੀ ਗਈ ਹੈ। ਦੂਜੇ ਪਾਸੇ ਤਿਉਹਾਰਾਂ ਦੇ ਦਿਨਾਂ ਵਿਚ ਵਾਪਰੀ ਇਸ ਘਟਨਾ ਦੇ ਕਰਕੇ ਇਲਾਕੇ ਦੇ ਲੋਕਾਂ ਵਿਚ ਸਹਿਮ ਦਾ ਮਾਹੌਲ ਬਣ ਗਿਆ ਹੈ। ਕਿਉਂਕਿ ਇਸ ਸਮੇਂ 'ਤੇ ਅਕਸਰ ਹੀ ਲੋਕ ਸੜਕਾਂ 'ਤੇ ਹੁੰਦੇ ਹਨ ਅਤੇ ਲੁੱਟ ਖੋਹ ਦਾ ਸ਼ਿਕਾਰ ਹੋਣ ਦਾ ਡਰ ਲੋਕਾਂ ਨੂੰ ਸਤਾਉਣ ਲੱਗਾ ਹੈ।

ਬਾਕਸ- ਮੁਲਜ਼ਮਾਂ ਖਿਲਾਫ ਕੀਤੀ ਜਾਵੇਗੀ ਸਖਤ ਕਾਰਵਾਈ

ਥਾਣਾ ਸਿਟੀ ਦੀ ਕਾਰਜਕਾਰੀ ਮੁਖੀ ਸਬ ਇੰਸਪੈਕਟਰ ਬਲਜੀਤ ਕੌਰ ਦਾ ਕਹਿਣਾ ਹੈ ਕਿ ਲੁੱਟ ਖੋਹ ਦੀ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਦਾ ਪਤਾ ਲਗਾਉਣ ਦੇ ਲਈ ਇਲਾਕੇ ਦੀ ਸੀਸੀਟੀਵੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ ਅਤੇ ਜਲਦ ਉਨਾਂ੍ਹ ਦਾ ਪਤਾ ਲਗਾ ਲਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸ਼ਹਿਰ ਵਾਸੀਆਂ ਦੀ ਰੱਖਿਆ ਲਈ ਪੁਲਿਸ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਗੈਰ ਸਮਾਜਿਕ ਅਨਸਰਾਂ ਨੂੰ ਨੱਥ ਪਾਈ ਜਾਵੇਗੀ।