ਜਸਪਾਲ ਸਿੰਘ ਜੱਸੀ/ਪ੍ਰਤਾਪ ਸਿੰਘ, ਤਰਨਤਾਰਨ : ਤਰਨਤਾਰਨ ਜ਼ਿਲ੍ਹੇ ਦੀ ਪੁਲਿਸ ਨੇ ਵੱਖ ਵੱਖ ਥਾਵਾਂ ਤੋਂ ਵੱਡੀ ਮਾਤਰਾ ਵਿਚ ਲਾਹਣ ਅਤੇ ਨਜਾਇਜ਼ ਸ਼ਰਾਬ ਬਰਾਮਦ ਕਰਕੇ ਦੋ ਔਰਤਾਂ ਸਣੇ 9 ਲੋਕਾਂ ਦੇ ਖਿਲਾਫ ਇਲਾਕੇ ਨਾਲ ਸਬੰਧਤ ਥਾਣਿਆਂ ਵਿਚ ਆਬਕਾਰੀ ਐਕਟ ਦੇ ਤਹਿਤ ਮੁਕੱਦਮੇਂ ਦਰਜ ਕੀਤੇ ਗਏ ਹਨ। ਜਦੋਂਕਿ ਕਈ ਮੁਲਜ਼ਮਾਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਚੁੱਕਾ ਹੈ।

ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੇ ਏਐੱਸਆਈ ਮੇਜਰ ਸਿੰਘ ਦੀ ਅਗਵਾਈ ਹੇਠ ਛਾਪੇਮਾਰੀ ਕਰਕੇ 15 ਹਜਾਰ ਮਿਲੀਲੀਟਰ ਨਜਾਇਜ਼ ਸ਼ਰਾਬ ਬਰਾਮਦ ਕਰਕੇ ਸਤਨਾਮ ਸਿੰਘ ਪੁੱਤਰ ਰਾਣਾ ਸਿੰਘ ਵਾਸੀ ਪਲਾਸੌਰ ਨੂੰ ਨਾਮਜਦ ਕੀਤਾ ਹੈ। ਇਸੇ ਤਰ੍ਹਾਂ ਹੀ ਥਾਣਾ ਸਦਰ ਤਰਨਤਾਰਨ ਦੀ ਪੁਲਿਸ ਨੇ ਏਐੱਸਆਈ ਕਵਲਜੀਤ ਸਿੰਘ ਦੀ ਅਗਵਾਈ ਹੇਠ ਸਰਬਜੀਤ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਪੱਖੋਕੇ ਨੂੰ 5250 ਮਿਲੀਲੀਟਰ, ਥਾਣਾ ਖੇਮਕਰਨ ਦੀ ਪੁਲਿਸ ਨੇ ਬਿੱਕਰ ਸਿੰਘ ਪੁੱਤਰ ਗੁਲਜਾਰ ਸਿੰਘ ਵਾਸੀ ਮਸਤਗੜ ਨੂੰ 6930, ਥਾਣਾ ਵੈਰੋਂਵਾਲ ਦੀ ਪੁਲਿਸ ਨੇ ਏਐੱਸਆਈ ਭੁਪਿੰਦਰ ਸਿੰਘ ਦੀ ਅਗਵਾਈ ਹੇਠ ਕੁਲਵੰਤ ਸਿੰਘ ਪੁੱਤਰ ਇੰਦਰ ਸਿੰਘ ਵਾਸੀ ਜਲਾਲਾਬਾਦ ਨੂੰ 6750 ਮਿਲੀਲੀਟਰ ਨਜਾਇਜ਼ ਸ਼ਰਾਬ ਸਮੇਤ ਗ੍ਰਿਫਤਾਰ ਕੀਤਾ ਹੈ। ਥਾਣਾ ਵਲਟੋਹਾ ਦੀ ਪੁਲਿਸ ਨੇ ਨਿੰਦਰ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਮਹਿਮੂਦਪੁਰ ਨੂੰ 60 ਕਿੱਲੋ ਲਾਹਣ ਦੀ ਬਰਾਮਦਗੀ ਅਤੇ ਪੰਮਾ ਸਿੰਘ ਪੁੱਤਰ ਕੁੰਨਣ ਸਿੰਘ ਵਾਸੀ ਮਹਿਮੂਦਪੁਰਾ ਨੂੰ ਸ਼ਰਾਬ ਦੀ ਚਾਲੂ ਭੱਠੀ, 40 ਕਿਲੋ ਲਾਹਣ ਅਤੇ 3750 ਮਿਲੀਲੀਟਰ ਨਜਾਇਜ਼ ਸ਼ਰਾਬ ਬਰਾਮਦ ਕਰਕੇ ਨਾਮਜਦ ਕੀਤਾ ਹੈ। ਥਾਣਾ ਝਬਾਲ ਦੀ ਪੁਲਿਸ ਨੇ ਪਿੰਡ ਜਗਤਪੁਰਾ ਦੇ ਵੱਖ ਵੱਖ ਥਾਵਾਂ ਤੋਂ 200, 80 ਅਤੇ 20 ਕਿੱਲੋ ਲਾਹਣ ਬਰਾਮਦ ਕਰਕੇ ਕਸ਼ਮੀਰ ਕੌਰ ਪਤਨੀ ਅਮਰੀਕ ਸਿੰਘ, ਕਸ਼ਮੀਰ ਕੌਰ ਪਤਨੀ ਦਾਰਾ ਸਿੰਘ ਅਤੇ ਸ਼ਿੰਦਾ ਸਿੰਘ ਪੁੱਤਰ ਸੋਹਣ ਸਿੰਘ ਨੂੰ ਨਾਮਜਦ ਕੀਤਾ ਹੈ। ਐੱਸਪੀ ਪੜਤਾਲ ਜਗਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਨਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲਿਆਂ ਵਿਰੁੱਧ ਪੁਲਿਸ ਨੇ ਪੂਰੀ ਤਰ੍ਹਾਂ ਸ਼ਿਕੰਜਾ ਕੱਸਿਆ ਹੋਇਆ ਹੈ ਅਤੇ ਲਗਾਤਾਰ ਮੁਕੱਦਮੇਂ ਦਰਜ ਕੀਤੇ ਜਾ ਰਹੇ ਹਨ।

Posted By: Seema Anand