ਪੱਤਰ ਪ੍ਰੇਰਕ, ਤਰਨਤਾਰਨ : ਥਾਣਾ ਝਬਾਲ ਦੀ ਪੁਲਿਸ ਨੇ ਲੁੱਟ-ਖੋਹ ਦੀ ਯੋਜਨਾ ਬਣਾ ਰਹੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ ਜਦਕਿ ਉਨ੍ਹਾਂ ਦੇ ਚਾਰ ਸਾਥੀ ਫਰਾਰ ਦੱਸੇ ਜਾ ਰਹੇ ਹਨ। ਫੜੇ ਗਏ ਮੁਲਜ਼ਮਾਂ ਤੋਂ ਪੁਲਿਸ ਨੂੰ ਪਿਸਤੌਲ, ਤੇਜ਼ਧਾਰ ਹਥਿਆਰ ਬਰਾਮਦ ਹੋਏ ਹਨ। ਇਸ ਸਬੰਧੀ ਪੁਲਿਸ ਨੇ ਸੱਤ ਲੋਕਾਂ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਸਬ ਇੰਸਪੈਕਟਰ ਸਰਬੀਜਤ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਇਲਾਕੇ ਵਿਚ ਗਸ਼ਤ ਕਰ ਰਹੇ ਸੀ। ਇਸ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਪਿੰਡ ਛਾਪਾ ਨੇੜੇ ਕੁਝ ਵਿਅਕਤੀ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਲੁੱਟ-ਖੋਹ ਦੀ ਯੋਜਨਾ ਬਣਾ ਰਹੇ ਹਨ। ਇਸ ਤਹਿਤ ਉਨ੍ਹਾਂ ਪੁਲਿਸ ਪਾਰਟੀ ਦੀ ਸਹਾਇਤਾ ਨਾਲ ਉਕਤ ਜਗ੍ਹਾ 'ਤੇ ਛਾਪੇਮਾਰੀ ਕੀਤੀ ਤਾਂ ਪੁਲਿਸ ਨੂੰ ਵੇਖ ਕੇ ਕੁਝ ਵਿਅਕਤੀ ਫਰਾਰ ਹੋ ਗਏ ਪਰ ਪੁਲਿਸ ਨੇ ਤਿੰਨ ਲੋਕਾਂ ਨੂੰ ਕਾਬੂ ਕਰ ਲਿਆ। ਉਨ੍ਹਾਂ ਆਪਣੀ ਪਛਾਣ ਸਹਿਮਾਨ ਪੁੱਤਰ ਸੁਲੱਖਣ ਮਸੀਹ ਵਾਸੀ ਬਲਾਸਪੁਰ, ਸਾਹਿਬ ਸਿੰਘ ਪੁੱਤਰ ਸਿੰਗਾਰਾ ਸਿੰਘ ਵਾਸੀ ਰਾਮਪੁਰਾ ਉਤਰਾਖੰਡ ਅਤੇ ਸਾਹਿਬ ਸਿੰਘ ਪੁੱਤਰ ਸਿੰਗਾਰਾ ਸਿੰਘ ਵਾਸੀ ਰਾਮਪੁਰਾ ਉਤਰਾਖੰਡ ਅਤੇ ਵਿਜੈ ਪੁੱਤਰ ਬਲਵਿੰਦਰ ਸਿੰਘ ਵਾਸੀ ਗੱਗੋਬੂਹਾ ਦੇ ਤੌਰ 'ਤੇ ਹੋਈ ਹੈ। ਉਨ੍ਹਾਂ ਕੋਲੋਂ ਇਕ 12 ਬੋਰ ਦਾ ਦੇਸੀ ਪਿਸਤੌਲ, 5 ਕਾਰਤੂਸ, ਕਿਰਪਾਨ ਤੇ ਦਾਤਰ ਬਰਾਮਦ ਹੋਏ ਹਨ। ਪੁੱਛਗਿੱਛ ਦੌਰਾਨ ਫੜੇ ਗਏ ਮੁਲਜ਼ਮਾਂ ਨੇ ਫਰਾਰ ਹੋਣ ਵਾਲਿਆਂ ਦੀ ਪਛਾਣ ਗੋਰਾ ਵਾਸੀ ਪੰਜਵੜ, ਰਾਣਾ ਵਾਸੀ ਅਮੀਸ਼ਾਹ, ਗੁਰਮਨ ਵਾਸੀ ਖਾਲੜਾ ਅਤੇ ਬਿੱਲਾ ਵਾਸੀ ਗੋਲ ਮੰਡੀ ਅੰਮ੍ਰਿਤਸਰ ਦੇ ਤੌਰ 'ਤੇ ਦੱਸੀ ਹੈ ਜਿਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Posted By: Seema Anand