ਬੱਲੂ ਮਹਿਤਾ, ਪੱਟੀ : ਪੱਟੀ ਸ਼ਹਿਰ ਦੇ ਵਾਰਡ ਨੰਬਰ ਦੋ ਵਿਖੇ ਘਰੇਲੂ ਝਗੜੇ ਨੂੰ ਲੈ ਕੇ ਪਤੀ ਵੱਲੋਂ ਪਤਨੀ ਨੂੰ ਜ਼ਖ਼ਮੀ ਕਰਨ ਤੋਂ ਬਾਅਦ ਉਸ ਨੂੰ ਦਵਾਈ ਦਿਵਾਉਣ ਬਹਾਨੇ ਘਰੋਂ ਬਾਹਰ ਲਿਜਾ ਕੇ ਰਸਤੇ 'ਚ ਹੀ ਗਲ਼ਾ ਘੁੱਟ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕਤਲ ਕਰਨ ਤੋਂ ਬਾਅਦ ਮੁਲਜ਼ਮ ਖ਼ੁਦ ਹੀ ਥਾਣਾ ਸਿਟੀ ਪੱਟੀ ਵਿਖੇ ਪੇਸ਼ ਹੋ ਗਿਆ ਤੇ ਕਬੂਲ ਕੀਤਾ। ਇਸ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਪੱਟੀ ਵਿਖੇ ਪੋਸਟਮਾਰਟਮ ਲਈ ਭੇਜ ਦਿੱਤੀ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਮੁਤਾਬਕ ਐਤਵਾਰ ਰਾਤ ਅਮਰਜੀਤ ਸਿੰਘ ਤੇ ਕਿਰਨਦੀਪ ਕੌਰ ਦਰਮਿਆਨ ਝਗੜਾ ਹੋਇਆ। ਇਸ ਦੌਰਾਨ ਪਤਨੀ ਦੇ ਸਿਰ 'ਤੇ ਸੱਟ ਲੱਗ ਗਈ। ਜ਼ਖ਼ਮੀ ਹੋਈ ਪਤਨੀ ਨੂੰ ਦਵਾਈ ਦਿਵਾਉਣ ਲਈ ਰਾਤ ਸਮੇਂ ਘਰੋਂ ਲੈ ਕੇ ਗਿਆ ਤੇ ਰਸਤੇ 'ਚ ਗਲ਼ਾ ਘੁੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਲਾਸ਼ ਨੂੰ ਉੱਥੇ ਹੀ ਸੁੱਟ ਕੇ ਅਮਰਜੀਤ ਸਿੰਘ ਪੱਟੀ ਥਾਣੇ ਪੁੱਜ ਗਿਆ ਤੇ ਪਤਨੀ ਨੂੰ ਕਤਲ ਕਰਨ ਦੀ ਗੱਲ ਕਬੂਲ ਕੀਤੀ।

ਦੱਸਣਾ ਬਣਦਾ ਹੈ ਕਿ ਐਤਵਾਰ ਸ਼ਾਮ ਨੂੰ ਅਮਰਜੀਤ ਸਿੰਘ ਆਪਣੀ ਪਤਨੀ ਕਿਰਨਦੀਪ ਕੌਰ ਨੂੰ ਪੇਕੇ ਘਰੋਂ ਪਿੰਡ ਨਵਾਂ ਕਿਲਾ (ਫਿਰੋਜ਼ਪੁਰ ) ਤੋਂ ਲੈ ਕੇ ਵਾਪਸ ਪੱਟੀ ਆਇਆ ਸੀ। ਕਿਸੇ ਗੱਲ ਨੂੰ ਲੈ ਕੇ ਦੋਹਾਂ ਦਰਮਿਆਨ ਝਗੜਾ ਹੋ ਗਿਆ ਤੇ ਕਿਰਨਦੀਪ ਕੌਰ ਜ਼ਖਮੀ ਹੋ ਗਈ। ਦੋਵੇਂ ਅੱਠ ਸਾਲ ਪਹਿਲਾਂ ਵਿਆਹ ਬੰਧਨ ਚ ਬੱਝੇ ਸਨ ਪਰ ਹਾਲੇ ਤੱਕ ਉਨ੍ਹਾਂ ਨੂੰ ਔਲਾਦ ਦਾ ਸੁੱਖ ਪ੍ਰਾਪਤ ਨਹੀਂ ਸੀ ਹੋਇਆ।

ਥਾਣਾ ਮੁਖੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਲੜਕੀ ਕਿਰਨਦੀਪ ਕੌਰ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਪਤੀ ਅਮਰਜੀਤ ਸਿੰਘ ਵਿਰੁੱਧ ਕੇਸ ਦਰਜ ਕੀਤਾ ਜਾ ਰਿਹਾ ਹੈ। ਮ੍ਰਿਤਕ ਲੜਕੀ ਦਾ ਸਰਕਾਰੀ ਹਸਪਤਾਲ ਪੱਟੀ ਤੋਂ ਪੋਸਟਮਾਰਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ।

Posted By: Seema Anand