ਪ੍ਰਤਾਪ ਸਿੰਘ, ਤਰਨਤਾਰਨ : ਕਸਬਾ ਸਰਹਾਲੀ ਵਿਖੇ ਵਿਚੋਲਣ ਵੱਲੋਂ ਲੜਕੀ ਦੇ ਭਰਾ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 13 ਲੱਖ ਰੁਪਏ ਠੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਸਰਹਾਲੀ ਦੀ ਪੁਲਿਸ ਨੇ ਲੜਕੇ ਦੀ ਮਾਂ ਦੀ ਸ਼ਿਕਾਇਤ ਦੇ ਅਧਾਰ 'ਤੇ ਵਿਚੋਲਣ ਸਮੇਤ ਤਿੰਨ ਲੋਕਾਂ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਹੈ।

ਦਲਜੀਤ ਕੌਰ ਪਤਨੀ ਪਰਮਜੀਤ ਸਿੰਘ ਵਾਸੀ ਸਰਹਾਲੀ ਕਲਾਂ ਦੱਸਿਆ ਕਿ ਉਸ ਦੀ ਲੜਕੀ ਦਾ ਰਿਸ਼ਤਾ ਸ਼ਿੰਦੋ ਪਤਨੀ ਜਰਨੈਲ ਸਿੰਘ ਵਾਸੀ ਇੰਨੋਕੋਟ ਘੁਮਾਣ ਕਲਾਂ ਗੁਰਦਾਸਪੁਰ ਨੇ ਆਪਣੇ ਪਿੰਡ ਕਰਵਾਇਆ ਸੀ। ਸ਼ਿੰਦੋਂ ਨਾਲ ਮੇਲ ਮਿਲਾਪ ਵਧਣ ਕਾਰਨ ਉਸ ਨੇ ਉਨ੍ਹਾਂ ਨੂੰ ਇਹ ਕਹਿ ਕੇ ਝਾਂਸੇ ਵਿਚ ਲੈ ਲਿਆ ਕਿ ਉਸ ਦੇ ਲੜਕੇ ਨੂੰ ਕੈਨੇਡਾ ਭੇਜ ਦੇਣਗੇ। ਫਿਰ ਸ਼ਿੰਦੋ ਨੇ ਪਿੰਦਰ ਸਿੰਘ ਵਾਸੀ ਸਭਰਾ ਅਤੇ ਸਨਵਾਜ ਸਿੰਘ ਪੁੱਤਰ ਬੱਬੂ ਰਾਮ ਸ਼ਹਾਰਨਪੁਰ ਦੇਓਬੰਦ ਯੂਪੀ ਆਦਿ ਲੋਕਾਂ ਨਾਲ ਉਨ੍ਹਾਂ ਨੂੰ ਮਿਲਵਾਇਆ। ਗੱਲ 15 ਲੱਖ ਰੁਪਏ 'ਚ ਨਿੱਬੜ ਗਈ ਜਿਸ ਤਹਿਤ ਉਨ੍ਹਾਂ 13 ਲੱਖ ਰੁਪਏ ਪਹਿਲਾਂ ਉਕਤ ਲੋਕਾਂ ਨੂੰ ਦੇ ਦਿੱਤੇ। ਕਾਫੀ ਸਮਾਂ ਬੀਤ ਜਾਣ 'ਤੇ ਸ਼ਿੰਦੋ, ਪਿੰਦਰ ਤੇ ਸਨਵਾਜ ਸਿੰਘ ਉਨ੍ਹਾਂ ਨੂੰ ਲਾਰੇ ਲਗਾਉਣ ਲੱਗ ਪਏ। ਬਾਅਦ 'ਚ ਉਸ ਦੇ ਲੜਕੇ ਨੂੰ ਵਿਦੇਸ਼ ਨਹੀਂ ਭੇਜਿਆ ਤੇ ਨਾ ਪੈਸੇ ਵਾਪਸ ਕੀਤੇ। ਮਾਮਲੇ ਦੀ ਜਾਂਚ ਕਰ ਰਹੇ ਸਬ-ਇੰਸਪੈਕਟਰ ਨਰਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ। ਜਲਦ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।

ਸਿੰਘਾਰਪੁਰ ਭੇਜਣ ਦਾ ਦਿੱਤਾ ਝਾਂਸਾ

ਸਿੰਗਾਪੁਰ ਭੇਜਣ ਦਾ ਝਾਂਸਾ ਦੇ ਕੇ ਪਿਓ-ਪੁੱਤ ਨੇ ਠੱਗੇ 3 ਲੱਖ ਰੁਪਏ

ਪ੍ਰਤਾਪ ਸਿੰਘ, ਤਰਨਤਾਰਨ : ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੇ ਨੌਜਵਾਨ ਨੂੰ ਸਿੰਗਾਪੁਰ ਭੇਜਣ ਦਾ ਝਾਂਸਾ ਦੇ ਕੇ ਪਿਓ-ਪੁੱਤ 3 ਲੱਖ 10 ਹਜ਼ਾਰ ਰੁਪਏ ਠੱਗ ਲਏ। ਇਸ ਸਬੰਧੀ ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੇ ਦੋਵਾਂ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਗੁਰਜੰਟ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਰੂੜੇ ਆਸਲ ਨੇ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ 'ਚ ਦੱਸਿਆ ਕਿ ਪ੍ਰਭੂ ਏਲ ਮਸੀਹ ਅਤੇ ਉਸਦੇ ਪਿਤਾ ਪ੍ਰਗਟ ਮਸੀਹ ਪੁੱਤਰ ਬਸੰਤ ਮਸੀਹ ਵਾਸੀ ਬਰੀ ਨੰਗਲ ਗੁਰਦਾਸਪੁਰ ਹਾਲ ਡੀਫੈਂਸ ਕਲੋਨੀ ਅਜਨਾਲਾ ਨੇ ਉਸ ਨੂੰ ਸਿੰਘਾਪੁਰ ਭੇਜਣ ਦੀ ਗੱਲ ਕਹਿ ਕੇ ਉਸ ਕੋਲੋ 3 ਲੱਖ 10 ਹਜ਼ਾਰ ਰੁਪਏ ਲਏ ਸੀ ਪਰ ਉਸ ਨੂੰ ਵਿਦੇਸ਼ ਨਹੀਂ ਭੇਜਿਆ। ਉਕਤ ਮਾਮਲੇ ਦੇ ਜਾਂਚ ਅਧਿਕਾਰੀ ਏਐਸਆਈ ਹਰਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਜਿਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ।

Posted By: Seema Anand