ਪ੍ਰਤਾਪ ਸਿੰਘ, ਤਰਨਤਾਰਨ : ਪਿੰਡ ਗਹਿਰੀ ਵਿਖੇ ਚਾਰ ਲੋਕਾਂ ਵੱਲੋਂ ਪਿਸਤੌਲ ਦੇ ਜ਼ੋਰ 'ਤੇ ਘਰ 'ਚ ਦਾਖ਼ਲ ਹੋ ਕੇ 13 ਸਾਲ ਦੇ ਲੜਕੇ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੇ ਦੇ ਪਿਤਾ ਨੇ ਕਥਿਤ ਤੌਰ 'ਤੇ ਦੋਸ਼ ਲਗਾਇਆ ਹੈ ਕਿ ਉਸ ਦੇ ਲੜਕੇ ਨੂੰ ਅਗਵਾਕਾਰਾਂ ਨੇ ਬੰਧੂਆ ਮਜ਼ਦੂਰ ਬਣਾ ਕੇ ਰੱਖਿਆ ਹੋਇਆ ਹੈ। ਇਸ ਸਬੰਧੀ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਨੇ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਯੂਸਫ ਸਿੰਘ ਪੁੱਤਰ ਰਤਨ ਸਿੰਘ ਵਾਸੀ ਗਹਿਰੀ ਨੇ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ 'ਚ ਕਥਿਤ ਤੌਰ ਤੇ ਦੋਸ਼ ਲਗਾਇਆ ਕਿ ਕਾਬਾ ਸ਼ਾਹ, ਜਗਤਾਰ ਸਿੰਘ, ਅਵਤਾਰ ਸਿੰਘ ਤੇ ਜਸ਼ਨਦੀਪ ਸਿੰਘ ਪੁੱਤਰ ਕਾਬਾ ਸ਼ਾਹ ਵਾਸੀ ਭਗਤਾ ਵਾਲੀ ਗਲੀ ਅੰਮ੍ਰਿਤਸਰ ਨੇ ਉਸ ਦੀ ਪਤਨੀ ਨੂੰ ਪਿਸਤੌਲ ਨਾਲ ਡਰਾ ਧਮਕਾ ਕੇ ਉਸ ਦੇ ਲੜਕੇ ਜਸ਼ਨਦੀਪ ਸਿੰਘ (13) ਨੂੰ ਅਗਵਾ ਕਰ ਲਿਆ। ਉਸ ਨੂੰ ਪਤਾ ਲੱਗਾ ਕਿ ਉਕਤ ਲੋਕਾਂ ਨੇ ਉਸ ਦੇ ਲੜਕੇ ਨੂੰ ਬੰਧੂਆ ਮਜ਼ਦੂਰ ਬਣਾ ਕੇ ਰੱਖਿਆ ਹੋਇਆ ਹੈ। ਮਾਮਲੇ ਦੇ ਜਾਂਚ ਅਧਿਕਾਰੀ ਥਾਣਾ ਸਰਾਏ ਅਮਾਨਤ ਖਾਂ ਦੇ ਐੱਸਐੱਚਓ ਗੁਰਵੇਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਜਿਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਜਲਦ ਹੀ ਉਨ੍ਹਾਂ ਨੂੰ ਕਾਬੂ ਕੀਤਾ ਜਾਵੇਗਾ।

Posted By: Seema Anand